2018 ਤੋਂ ਬਾਅਦ ਪਹਿਲੀ ਵਾਰ ਫੀਫਾ ਰੈਂਕਿੰਗ ’ਚ ਟਾਪ-99 ’ਚ ਪੁੱਜੀ ਭਾਰਤੀ ਫੁੱਟਬਾਲ ਟੀਮ

2018 ਤੋਂ ਬਾਅਦ ਪਹਿਲੀ ਵਾਰ ਫੀਫਾ ਰੈਂਕਿੰਗ ’ਚ ਟਾਪ-99 ’ਚ ਪੁੱਜੀ ਭਾਰਤੀ ਫੁੱਟਬਾਲ ਟੀਮ

ਭਾਰਤੀ ਪੁਰਸ਼ ਫੁੱਟਬਾਲ ਟੀਮ ਨੇ ਵੀਰਵਾਰ ਨੂੰ 2018 ਤੋਂ ਬਾਅਦ ਪਹਿਲੀ ਵਾਰ ਫੀਫਾ ਰੈਂਕਿੰਗ ’ਚ ਟਾਪ-99 ’ਚ ਪ੍ਰਵੇਸ਼ ਕੀਤਾ। ਟੀਮ ਸੈਫ ਚੈਂਪੀਅਨਸ਼ਿਪ ਖਿਤਾਬ ਦੀ ਬਦੌਲਤ ਇਕ ਪਾਇਦਾਨ ਦੇ ਫਾਇਦੇ ਨਾਲ 99ਵੇਂ ਸਥਾਨ ’ਤੇ ਪਹੁੰਚ ਗਈ। ਭਾਰਤ ਨੇ ਇਸ ਮਹੀਨੇ ਦੇ ਸ਼ੁਰੂ ’ਚ ਬੈਂਗਲੁਰੂ ’ਚ ਹੋਈ ਸੈਫ ਚੈਂਪੀਅਨਸ਼ਿਪ ’ਚ ਲੇਬਨਾਨ ਅਤੇ ਕੁਵੈਤ ’ਤੇ ਕ੍ਰਮਵਾਰ ਸੈਮੀਫਾਈਨਲ ਅਤੇ ਫਾਈਨਲ ’ਚ ਪੈਨਲਟੀ ਸ਼ੂਟਆਊਟ ਨਾਲ ਜਿੱਤ ਦਰਜ ਕੀਤੀ ਸੀ। ਲੇਬਨਾਨ ਨੂੰ ਵੀ 2 ਪਾਇਦਾਨ ਦਾ ਫਾਇਦਾ ਹੋਇਆ, ਜਿਸ ਨਾਲ ਉਹ ਭਾਰਤ ਤੋਂ ਬਿਲਕੁੱਲ ਹੇਠਾਂ 100ਵੇਂ ਸਥਾਨ ’ਤੇ ਮੌਜੂਦ ਹੈ, ਜਦਕਿ ਕੁਵੈਤ 4 ਪਾਇਦਾਨ ਦੀ ਛਲਾਂਗ ਨਾਲ ਵੀਰਵਾਰ ਨੂੰ ਜਾਰੀ ਤਾਜ਼ਾ ਫੀਫਾ ਰੈਂਕਿੰਗ ’ਚ 137ਵੇਂ ਸਥਾਨ ’ਤੇ ਪਹੁੰਚ ਗਿਆ।

               Image

ਪੱਛਮੀ ਏਸ਼ੀਆਈ ਦੇਸ਼ ਲੇਬਨਾਨ ਅਤੇ ਕੁਵੈਤ ਨੂੰ ਸੈਫ ਚੈਂਪੀਅਨਸ਼ਿਪ ਲਈ ਸੱਦਾ ਦਿੱਤਾ ਗਿਆ ਸੀ ਤਾਕਿ ਟੂਰਨਾਮੈਂਟ ’ਚ ਮੁਕਾਬਲੇਬਾਜ਼ੀ ਦਾ ਪੱਧਰ ਮਜ਼ਬੂਤ ਰਹੇ। ਭਾਰਤ ਦੇ ਹੁਣ 1208.69 ਅੰਕ ਹੋ ਗਏ ਹਨ। ਭਾਰਤ ਦੀ ਸਰਵੋਤਮ ਫੀਫਾ ਰੈਂਕਿੰਗ 94 ਹੈ ਜੋ ਟੀਮ ਨੇ 1996 ਵਿੱਚ ਹਾਸਲ ਕੀਤੀ ਸੀ। ਟੀਮ 1993 ਵਿਚ ਵੀ 99ਵੇਂ ਸਥਾਨ 'ਤੇ ਪਹੁੰਚੀ ਸੀ, ਜਦੋਂ ਕਿ 2017 ਅਤੇ 2018 ਵਿਚ ਇਹ 96ਵਾਂ ਸਥਾਨ ਹਾਸਲ ਕਰਨ ਵਿਚ ਕਾਮਯਾਬ ਰਹੀ। ਪਿਛਲੇ ਮਹੀਨੇ ਟੀਮ 100ਵੇਂ ਸਥਾਨ 'ਤੇ ਸੀ।