ਕੈਨੇਡਾ ਤੋਂ ਭਾਰਤੀ ਟਰੱਕ ਡਰਾਈਵਰ 2 ਮਿਲੀਅਨ ਡਾਲਰ ਦੀ ਭੰਗ ਅਮਰੀਕਾ ਲਿਜਾ ਰਿਹਾ ਸੀ ,ਹੋਇਆ ਗ੍ਰਿਫ਼ਤਾਰ। 

ਕੈਨੇਡਾ ਤੋਂ ਭਾਰਤੀ ਟਰੱਕ ਡਰਾਈਵਰ 2 ਮਿਲੀਅਨ ਡਾਲਰ ਦੀ ਭੰਗ ਅਮਰੀਕਾ ਲਿਜਾ ਰਿਹਾ ਸੀ ,ਹੋਇਆ ਗ੍ਰਿਫ਼ਤਾਰ। 

ਕੈਨੇਡਾ ਅਤੇ ਅਮਰੀਕਾ ਵਿਚਕਾਰ ਅੰਤਰਰਾਸ਼ਟਰੀ ਪੁਲ ਪੀਸ ਬ੍ਰਿਜ 'ਤੇ ਬੀਤੇ ਵੀਰਵਾਰ ਇਕ ਭਾਰਤੀ ਕੈਨੇਡੀਅਨ ਟਰੱਕ ਡਰਾਈਵਰ ਨੂੰ 2 ਮਿਲੀਅਨ ਡਾਲਰ ਦੀ ਮਾਰਿਜੁਆਨਾ (ਭੰਗ ) ਨਾਲ ਫੜਿਆ ਗਿਆ। ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਏਜੰਟ ਡੇਵਿਡ ਸਵੀਚ ਜੂਨੀਅਰ ਵੱਲੋਂ ਦਿੱਤੇ ਹਲਫਨਾਮੇ ਅਨੁਸਾਰ ਕਸਟਮ ਅਤੇ ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਭਾਰਤੀ ਮੂਲ ਦੇ ਡਰਾਈਵਰ ਅਜੈਪਾਲ ਢਿੱਲੋਂ ਦੇ ਟਰੱਕ ਵਿਚੋਂ 949 ਕਿਲੋਗ੍ਰਾਮ ਭੰਗ (ਮਾਰਿਜੁਆਨਾ) ਅਤੇ 51 ਕਿਲੋਗ੍ਰਾਮ ਨਸ਼ੀਲਾ ਕੀਟਾਮਾਈਨ ਪਦਾਰਥ ਬਰਾਮਦ ਹੋਇਆ, ਜੋ ਕੇ ਟਰੇਲਰ ਦੇ ਬਕਸੇ ਵਿੱਚ ਲੁਕਾ ਕੇ ਰੱਖਿਆ ਗਿਆ ਸੀ।

ਇਸ ਬਰਾਮਦੀ ਮਗਰੋਂ ਟਰੱਕ ਡਰਾਈਵਰ 'ਤੇ ਵੰਡਣ ਦੇ ਇਰਾਦੇ ਨਾਲ ਮਾਰਿਜੁਆਨਾ ਰੱਖਣ ਅਤੇ ਜਾਣਬੁੱਝ ਕੇ ਅਮਰੀਕਾ ਵਿਚ ਮਾਰਿਜੁਆਨਾ ਆਯਾਤ ਕਰਨ ਦਾ ਦੋਸ਼ ਲਗਾਇਆ ਗਿਆ। ਸਵੀਚ ਜੂਨੀਅਰ ਨੇ ਦੋਸ਼  ਲਗਾਇਆ ਕੇ ਢਿੱਲੋਂ ਦੇ ਟਰੱਕ ਵਿੱਚ ਇੱਕ ਮੈਨੀਫੈਸਟ ਸੀ ਜੋ ਇਹ ਦਰਸਾਉਂਦਾ ਸੀ ਕਿ ਉਹ ਜਾਰਜੀਆ ਵਿੱਚ ਇੱਕ ਕਰਿਆਨੇ ਦੀ ਦੁਕਾਨ ਵਿੱਚ ਫਰੋਜ਼ਨ ਵੈਫਲਜ਼ ਦੀ ਖੇਪ ਲਿਜਾ ਰਿਹਾ ਸੀ ਪਰ ਕਥਿਤ ਤੌਰ 'ਤੇ ਵੈਫਲਜ਼ ਨੂੰ ਸ਼ਿਪਿੰਗ ਕਰਨ ਵਾਲੀ ਕੰਪਨੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਇੱਕ ਫਰਜ਼ੀ ਮੈਨੀਫੈਸਟ ਹੈ।