ਨਸ਼ੀਲੇ ਪਦਾਰਥ ਤਸਕਰੀ ਨਾਲ ਜੁੜੇ ਅੰਤਰਰਾਸ਼ਟਰੀ ਗਿਰੋਹ ਦਾ ਹੋਇਆ ਪਰਦਾਫਾਸ਼, 15 ਕਰੋੜ ਦੀ ਕੋਕੀਨ ਜ਼ਬਤ 

ਨਸ਼ੀਲੇ ਪਦਾਰਥ ਤਸਕਰੀ ਨਾਲ ਜੁੜੇ ਅੰਤਰਰਾਸ਼ਟਰੀ ਗਿਰੋਹ ਦਾ ਹੋਇਆ ਪਰਦਾਫਾਸ਼, 15 ਕਰੋੜ ਦੀ ਕੋਕੀਨ ਜ਼ਬਤ 

ਨਸ਼ੀਲੇ ਪਦਾਰਥ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਨਸ਼ੀਲੇ ਪਦਾਰਥ ਦੀ ਤਸਕਰੀ ਨਾਲ ਜੁੜੇ ਇਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਮੁੰਬਈ ਸਥਿਤ ਇਕ ਹੋਟਲ 'ਚ ਰੁਕੇ ਜਾਮਬੀਆ ਦੇ ਇਕ ਨਾਗਰਿਕ ਕੋਲੋਂ 2 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ। ਜਿਸ ਦਾ ਬਾਜ਼ਾਰ ਮੁੱਲ 15 ਕਰੋੜ ਦੱਸਿਆ ਜਾ ਰਿਹਾ ਹੈ। ਐੱਨ.ਸੀ.ਬੀ. ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦੀ ਇਹ ਖੇਪ ਤੰਜਾਨੀਆ ਦੀ ਇਕ ਔਰਤ ਨੂੰ ਮਿਲਣ ਵਾਲੀ ਸੀ। ਇਸ ਔਰਤ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਭਗ 15 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਕ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਐੱਨ.ਸੀ.ਬੀ. ਮੁੰਬਈ ਦੀ ਟੀਮ ਨੇ ਇੱਥੇ ਇਕ ਹੋਟਲ 'ਚ ਛਾਪੇਮਾਰੀ ਕੀਤੀ ਅਤੇ ਵੀਰਵਾਰ ਨੂੰ ਜਾਮਬੀਆ ਦੇ ਨਾਗਰਿਕ ਐੱਲ.ਏ. ਗਿਲਮੋਰ ਨੂੰ ਫੜ ਲਿਆ। 

ਗਿਲਮੋਰ ਨਸ਼ੀਲੇ ਪਦਾਰਥ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਪਹੁੰਚਾਉਣ ਦਾ ਕੰਮ ਕਰਦਾ ਸੀ। ਉਹ ਨਸ਼ੀਲੇ ਪਦਾਰਥ ਦੀ ਖੇਪ ਲਈ ਜਾਮਬੀਆ ਦੇ ਲੁਸਾਕਾ ਤੋਂ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਗਿਆ ਸੀ। ਜਹਾਜ਼ ਤੋਂ ਮੁੰਬਈ ਪਹੁੰਚਣ ਤੋਂ ਬਾਅਦ ਉਹ ਇਕ ਹੋਟਲ 'ਚ ਰੁਕਿਆ। ਅਧਿਕਾਰੀ ਨੇ ਦੱਸਿਆ ਕਿ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ ਐੱਨ.ਸੀ.ਬੀ. ਦੀ ਟੀਮ ਨੇ ਹੋਟਲ 'ਚ ਉਸ ਦੇ ਕਮਰੇ ਦੀ ਤਲਾਸ਼ੀ ਲਈ। ਉਨ੍ਹਾਂ ਨੂੰ ਇਕ ਬੈਗ ਮਿਲਿਆ, ਜਿਸ 'ਚੋਂ 2 ਕਿਲੋਗ੍ਰਾਮ ਭਾਰ ਵਾਲੇ ਕੋਕੀਨ ਦੇ 2 ਪੈਕੇਟ ਬਰਾਮਦ ਹੋਏ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਇਕ ਵਿਅਕਤੀ ਤੋਂ ਨਿਰਦੇਸ਼ ਮਿਲ ਰਹੇ ਸਨ। ਇਸ ਤੋਂ ਬਾਅਦ ਐੱਨ.ਸੀ.ਬੀ. ਟੀਮ ਨੇ ਗਿਲਮੋਰ ਨੂੰ ਨਿਰਦੇਸ਼ ਦੇਣ ਵਾਲੇ ਵਿਅਕਤੀ ਦੀ ਗੱਲਬਾਤ 'ਤੇ ਨਜ਼ਰ ਰੱਖੀ। ਇਸ ਵਿਅਕਤੀ ਨੇ ਗਿਲਮੋਰ ਨੂੰ ਨਸ਼ੀਲੇ ਪਦਾਰਥ ਦੀ ਖੇਪ ਤੰਜਾਨੀਆ ਦੀ ਔਰਤ ਨੂੰ ਦੇਣ ਲਈ ਦਿੱਲੀ ਜਾਣ ਨੂੰ ਕਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਐੱਮ.ਆਰ. ਆਗਸਟੀਨੋ ਨਾਂ ਦੀ ਇਕ ਤੰਜਾਨੀਆ ਔਰਤ ਨੂੰ ਗਿਲਮੋਰ ਤੋਂ ਖੇਪ ਪ੍ਰਾਪਤ ਕਰਨੀ ਸੀ। ਇਸ ਔਰਤ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਇਸ ਅੰਤਰਰਾਸ਼ਟਰੀ ਗਿਰੋਹ ਦਾ ਦਾਇਰਾ ਮੁੰਬਈ, ਦਿੱਲੀ, ਬੈਂਗਲੁਰੂ ਅਤੇ ਗੋਆ ਸਮੇਤ ਕਈ ਸ਼ਹਿਰਾਂ ਤੱਕ ਫੈਲਿਆ ਹੈ।