ਭਾਰਤ ਵਿੱਚ ਇੰਟਰਨੈਟ ਸੇਵਾਵਾਂ ਬੰਦ ਹੋਣ ਦੀ ਸੰਭਾਵਨਾ, ਜੰਗੀ ਹਾਲਾਤਾਂ ਨੇ ਵਧਾਈ ਚਿੰਤਾ

ਭਾਰਤ ਵਿੱਚ ਇੰਟਰਨੈਟ ਸੇਵਾਵਾਂ ਬੰਦ ਹੋਣ ਦੀ ਸੰਭਾਵਨਾ, ਜੰਗੀ ਹਾਲਾਤਾਂ ਨੇ ਵਧਾਈ ਚਿੰਤਾ

ਪੱਛਮੀ ਏਸ਼ੀਆ ਵਿੱਚ ਵਧ ਰਿਹਾ ਤਣਾਅ ਸਿਰਫ ਤੇਲ ਦੀਆਂ ਕੀਮਤਾਂ ਅਤੇ ਪੈਟਰੋਲ-ਡੀਜ਼ਲ ਦੀ ਸਪਲਾਈ ਲਈ ਹੀ ਖਤਰਾ ਨਹੀਂ ਹੈ, ਸਗੋਂ ਇਹ ਭਾਰਤ ਦੇ ਡਿਜੀਟਲ ਢਾਂਚੇ 'ਤੇ ਵੀ ਵੱਡਾ ਹਮਲਾ ਕਰ ਸਕਦਾ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਟ੍ਰੇਟ ਆਫ ਹਾਰਮੁਜ਼ ਦੇ ਖੇਤਰ ਵਿੱਚ ਜੰਗ ਵਧਦੀ ਹੈ, ਤਾਂ ਭਾਰਤ ਵਿੱਚ ਇੰਟਰਨੈਟ ਅਤੇ ਡੇਟਾ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ।ਆਮ ਤੌਰ 'ਤੇ ਲੋਕਾਂ ਨੂੰ ਲੱਗਦਾ ਹੈ ਕਿ ਇੰਟਰਨੈੱਟ ਸੈਟੇਲਾਈਟ ਰਾਹੀਂ ਚੱਲਦਾ ਹੈ, ਪਰ ਹਕੀਕਤ ਇਹ ਹੈ ਕਿ ਦੁਨੀਆ ਦਾ ਜ਼ਿਆਦਾਤਰ ਇੰਟਰਨੈਟ ਟ੍ਰੈਫਿਕ ਸਮੁੰਦਰ ਦੇ ਹੇਠਾਂ ਵਿਛੀਆਂ ਫਾਈਬਰ ਆਪਟਿਕ ਕੇਬਲਾਂ ਰਾਹੀਂ ਚੱਲਦਾ ਹੈ। ਸਟ੍ਰੇਟ ਆਫ ਹਾਰਮੁਜ਼ ਉਹ ਅਹਿਮ ਇਲਾਕਾ ਹੈ ਜਿੱਥੇ ਇਨ੍ਹਾਂ ਸਬਮਰੀਨ ਕੇਬਲਾਂ ਦਾ ਵੱਡਾ ਨੈੱਟਵਰਕ ਮੌਜੂਦ ਹੈ। ਜੰਗ ਜਾਂ ਕਿਸੇ ਵੀ ਤਰ੍ਹਾਂ ਦੀ ਸਮੁੰਦਰੀ ਗੜਬੜੀ ਕਾਰਨ ਜੇਕਰ ਇਨ੍ਹਾਂ ਕੇਬਲਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਅੰਤਰਰਾਸ਼ਟਰੀ ਡਿਜੀਟਲ ਸੰਚਾਰ ਠੱਪ ਹੋ ਸਕਦਾ ਹੈ। 

ਭਾਰਤ 'ਤੇ ਕੀ ਪਵੇਗਾ ਅਸਰ? 

ਭਾਰਤ ਦੀ ਅੰਤਰਰਾਸ਼ਟਰੀ ਇੰਟਰਨੈਟ ਕਨੈਕਟੀਵਿਟੀ ਲਈ ਇਹ ਖੇਤਰ ਬਹੁਤ ਮਹੱਤਵਪੂਰਨ ਹੈ। ਰਿਪੋਰਟਾਂ ਅਨੁਸਾਰ, ਭਾਰਤ ਦੇ ਪੱਛਮ ਵੱਲ ਜਾਣ ਵਾਲੇ ਕੁੱਲ ਇੰਟਰਨੈਟ ਟ੍ਰੈਫਿਕ ਦਾ ਲਗਭਗ ਇੱਕ-ਤਿਹਾਈ (1/3) ਹਿੱਸਾ ਇਸੇ ਖੇਤਰ ਦੀਆਂ ਕੇਬਲਾਂ ਰਾਹੀਂ ਗੁਜ਼ਰਦਾ ਹੈ।

ਇਸ ਸੰਕਟ ਕਾਰਨ ਹੇਠ ਲਿਖੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ:

  • ਅੰਤਰਰਾਸ਼ਟਰੀ ਬੈਂਕਿੰਗ ਅਤੇ ਵਿੱਤੀ ਲੈਣ-ਦੇਣ
  • ਕਲਾਊਡ ਕੰਪਿਊਟਿੰਗ ਅਤੇ ਡੇਟਾ ਸਟੋਰੇਜ
  • ਸੋਸ਼ਲ ਮੀਡੀਆ ਅਤੇ ਵੀਡੀਓ ਸਟ੍ਰੀਮਿੰਗ
  • ਬਹੁ-ਰਾਸ਼ਟਰੀ ਕੰਪਨੀਆਂ ਦੇ ਡਿਜੀਟਲ ਕੰਮਕਾਜ

ਮੁਰੰਮਤ ਵਿੱਚ ਆ ਸਕਦੀ ਹੈ ਦਿੱਕਤ

ਮਾਹਿਰਾਂ ਮੁਤਾਬਕ ਜੇਕਰ ਜੰਗ ਦੌਰਾਨ ਕੋਈ ਕੇਬਲ ਕੱਟੀ ਜਾਂਦੀ ਹੈ, ਤਾਂ ਉਸ ਦੀ ਮੁਰੰਮਤ ਕਰਨਾ ਬੇਹੱਦ ਮੁਸ਼ਕਲ ਹੋਵੇਗਾ। ਸੁਰੱਖਿਆ ਜੋਖਮਾਂ ਕਾਰਨ ਮੁਰੰਮਤ ਕਰਨ ਵਾਲੇ ਜਹਾਜ਼ਾਂ ਦਾ ਉਸ ਇਲਾਕੇ ਵਿੱਚ ਜਾਣਾ ਖ਼ਤਰਨਾਕ ਹੋ ਸਕਦਾ ਹੈ, ਜਿਸ ਕਾਰਨ ਇੰਟਰਨੈਟ ਸੇਵਾਵਾਂ ਮਹੀਨਿਆਂ ਤੱਕ ਪ੍ਰਭਾਵਿਤ ਰਹਿ ਸਕਦੀਆਂ ਹਨ। ਹਾਲਾਂਕਿ ਟ੍ਰੈਫਿਕ ਨੂੰ ਦੂਜੇ ਰਸਤਿਆਂ 'ਤੇ ਮੋੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ਦੀ ਸਮਰੱਥਾ ਘੱਟ ਹੋਣ ਕਾਰਨ ਇੰਟਰਨੈੱਟ ਦੀ ਰਫ਼ਤਾਰ ਬਹੁਤ ਸੁਸਤ ਹੋ ਜਾਵੇਗੀ। 

ਡਿਜੀਟਲ 'ਚੋਕਪੁਆਇੰਟ' ਬਣਿਆ ਹਾਰਮੁਜ਼ 

ਕਈ ਦਹਾਕਿਆਂ ਤੋਂ ਤੇਲ ਦੀ ਸਪਲਾਈ ਲਈ ਜਾਣਿਆ ਜਾਂਦਾ ਸਟ੍ਰੇਟ ਆਫ ਹਾਰਮੁਜ਼ ਹੁਣ ਦੁਨੀਆ ਦਾ ਨਵਾਂ ਡਿਜੀਟਲ 'ਚੋਕਪੁਆਇੰਟ' ਬਣ ਗਿਆ ਹੈ। ਭਾਰਤ ਦੀ ਵਧਦੀ ਡਿਜੀਟਲ ਆਰਥਿਕਤਾ ਨੂੰ ਦੇਖਦੇ ਹੋਏ, ਹੁਣ ਸਮੁੰਦਰ ਦੇ ਹੇਠਾਂ ਵਿਛੇ ਇਨ੍ਹਾਂ ਨੈਟਵਰਕਾਂ ਦੀ ਸੁਰੱਖਿਆ ਅਤੇ ਵਿਕਲਪਕ ਰਸਤੇ ਤਿਆਰ ਕਰਨਾ ਭਾਰਤ ਲਈ ਇੱਕ ਵੱਡੀ ਰਣਨੀਤਕ ਚੁਣੌਤੀ ਬਣ ਗਿਆ ਹੈ।