NATO ਸੰਮੇਲਨ ''ਚ ਡੋਨਾਲਡ ਟਰੰਪ ਦਾ ਵੱਡਾ ਬਿਆਨ: ''ਈਰਾਨ ਨਾਲ ਜੰਗਬੰਦੀ ਖ਼ਤਮ, ਹੁਣ ਕੋਈ ਸਮਝੌਤਾ ਨਹੀਂ''

NATO ਸੰਮੇਲਨ ''ਚ ਡੋਨਾਲਡ ਟਰੰਪ ਦਾ ਵੱਡਾ ਬਿਆਨ: ''ਈਰਾਨ ਨਾਲ ਜੰਗਬੰਦੀ ਖ਼ਤਮ, ਹੁਣ ਕੋਈ ਸਮਝੌਤਾ ਨਹੀਂ''

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ NATO ਸੰਮੇਲਨ ‘ਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਈਰਾਨ ਨਾਲ ਹੋਈ ਜੰਗਬੰਦੀ ਖਤਮ ਹੋ ਚੁੱਕੀ ਹੈ ਤੇ ਹੁਣ ਉਹ ਈਰਾਨ ਨਾਲ ਕੋਈ ਡੀਲ ਨਹੀਂ ਕਰਨਾ ਚਾਹੁੰਦੇ। ਟਰੰਪ ਨੇ ਕਿਹਾ ਕਿ ਅਸੀਂ ਪਿਛਲੀ ਰਾਤ ਈਰਾਨ ‘ਤੇ ਜ਼ੋਰਦਾਰ ਹਮਲਾ ਕੀਤਾ। ਖਤਰਨਾਕ ਲੋਕਾਂ ਨੂੰ ਨਿਸ਼ਾਨਾ ਬਣਾਇਆ। ਹਰ ਵਾਰ ਉਹ ਹਮਲਾ ਕਰਨਗੇ, ਅਸੀਂ ਜਵਾਬ ਦੇਵਾਂਗੇ।

ਉਨ੍ਹਾਂ ਕਿਹਾ ਕਿ ਅਮਰੀਕਾ ਦਾ ਟੀਚਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨਾ ਹੈ। ਟਰੰਪ ਨੇ NATO ‘ਤੇ ਵੀ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਗਠਜੋੜ ਨੇ ਦੁਨੀਆ ਦੇ ਸਭ ਤੋਂ ਵੱਡੇ ਅੱਤਵਾਦੀ ਸਮਰਥਕ ਦੇਸ਼ ਈਰਾਨ ਖਿਲਾਫ ਅਮਰੀਕਾ ਦਾ ਸਾਥ ਨਹੀਂ ਦਿਤਾ। ਇਸ ਤੋਂ ਪਹਿਲਾਂ ਅਮਰੀਕੀ ਸੈਂਟਰਲ ਕਮਾਂਡ ਨੇ ਦੱਸਿਆ ਸੀ ਕਿ ਉਸ ਨੇ ਈਰਾਨ ਦੇ 80 ਤੋਂ ਵੱਧ ਫੌਜੀ ਟਿਕਾਣਿਆਂ ‘ਤੇ ਏਅਰਸਟ੍ਰਾਈਕ ਕੀਤੀ ਹੈ। ਅਮਰੀਕਾ ਮੁਤਾਬਕ ਇਹ ਕਾਰਵਾਈ ਹੋਰਮੁਜ਼ ਵਿਚ ਜਹਾਜ਼ਾਂ ‘ਤੇ ਹੋਏ ਹਮਲਿਆਂ ਦੇ ਜਵਾਬ ਵਿਚ ਕੀਤੀ ਗਈ।

ਖਾਮੇਨੇਈ ਦੇ ਅੰਤਿਮ ਸਸਕਾਰ ਵਿਚ ਈਰਾਨ ਨੇ ਹੋਰਮੁਜ਼ ਵਿਚ 3 ਟੈਂਕਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚੋਂ ਇਕ ਟੈਂਕਰ ਕਤਰ ਦਾ ਸੀ। ਈਰਾਨ ਨੇ ਚੇਤਾਵਨੀ ਦਿੱਤੀ ਕਿ ਸਾਡੇ ਵੱਲੋਂ ਤੈਅ ਰੂਟ ਇਸਤੇਮਾਲ ਨਾ ਹੋਣ ‘ਤੇ ਸੁਰੱਖਿਆ ਦੀ ਗਾਰੰਟੀ ਨਹੀਂ ਰਹੇਗੀ। ਕਤਰ ਨੇ ਹੋਰਮੁਜ਼ ਵਿਚ ਉਸ ਦੇ ਜਹਾਜ਼ ‘ਤੇ ਹਮਲੇ ਦੀ ਨਿੰਦਾ ਕਰਦੇ ਹੋਏ ਈਰਾਨ ਨੂੰ ਕਾਨੂੰਨੀ ਤੌਰ ਤੋਂ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ। ਨਾਲ ਹੀ ਕਿਹਾ ਕੀ ਈਰਾਨੀ ਹਮਲੇ ਅੰਤਰਰਾਸ਼ਟਰੀ ਸਮੁੰਦਰੀ ਸੁਰੱਖਿਆ ਲਈ ਖਤਰਾ ਹਨ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਧਮਕੀਆਂ ਦੇ ਮਾਹੌਲ ਵਿਚ ਕੋਈ ਸਮਝੌਤਾ ਨਹੀਂ ਹੋਵੇਗਾ। ਪਹਿਲਾਂ ਅਮਰੀਕਾ ਨੂੰ ਆਪਣੇ ਪੁਰਾਣੇ ਸਮਝੌਤਿਆ ਦਾ ਸਨਮਾਨ ਕਰਨਾ ਹੋਵੇਗਾ। ਓਮਾਨ ਨੇ ਬਹਿਰੀਨ, ਕੁਵੈਤ ਤੇ ਹੋਰਮੁਜ਼ ਸਟ੍ਰੇਟ ਵਿਚ ਸਾਊਦੀ ਅਰਬ ਤੇ ਕਤਰ ਦੇ ਦੋ ਕਮਰਸ਼ੀਅਲ ਜਹਾਜ਼ਾਂ ‘ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ। ਓਮਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਬਹਿਰੀਨ ਤੇ ਕੁਵੈਤ ਦੇ ਨਾਲ ਖੜ੍ਹਾ ਹੈ। ਖੇਤਰ ਵਿਚ ਵਧਦਾ ਫੌਜੀ ਤਣਾਅ ਸਾਡੀ ਸੁਰੱਖਿਆ ਦੇ ਨਾਲ-ਨਾਲ ਦੁਨੀਆ ਦੇ ਵਪਾਰ ਤੇ ਤੇਲ ਸਪਲਾਈ ਲਈ ਖਤਰਾ ਹੈ। ਓਮਾਨ ਨੇ ਸਾਰੇ ਪੱਖਾਂ ਵਿਚ ਸੰਜਮ ਵਰਤਣ, ਤਣਾਅ ਨਾ ਵਧਣ ਤੇ ਫਿਰ ਤੋਂ ਗੱਲਬਾਤ ਦਾ ਰਸਤਾ ਅਪਨਾਉਣ ਦੀ ਅਪੀਲ ਕੀਤੀ।