ਜ਼ਮੀਨੀ ਵਿਵਾਦ ਨੇ ਧਾਰਿਆ ਹਿੰਸਕ ਰੂਪ, ਦਾਦੀ ਅਤੇ ਪਰਿਵਾਰਕ ਮੈਂਬਰਾਂ ਨਾਲ ਜਾ ਰਹੇ ਨੌਜਵਾਨ ''ਤੇ ਫਾਇਰਿੰਗ।

ਜ਼ਮੀਨੀ ਵਿਵਾਦ ਨੇ ਧਾਰਿਆ ਹਿੰਸਕ ਰੂਪ, ਦਾਦੀ ਅਤੇ ਪਰਿਵਾਰਕ ਮੈਂਬਰਾਂ ਨਾਲ ਜਾ ਰਹੇ ਨੌਜਵਾਨ ''ਤੇ ਫਾਇਰਿੰਗ।

ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਅਧੀਨ ਕੁੱਕੜਾਂਵਾਲੀ ਨੇੜੇ ਪਰਿਵਾਰਕ ਜ਼ਮੀਨੀ ਵਿਵਾਦ ਉਸ ਵੇਲੇ ਹਿੰਸਕ ਰੂਪ ਧਾਰ ਗਿਆ ਜਦੋਂ ਇੱਕ ਪਰਿਵਾਰ ਨੇ ਆਪਣੇ ਹੀ ਰਿਸ਼ਤੇਦਾਰਾਂ ‘ਤੇ ਗੱਡੀ ਰੋਕ ਕੇ ਜਾਨਲੇਵਾ ਹਮਲਾ ਕਰਨ ਦੇ ਗੰਭੀਰ ਆਰੋਪ ਲਗਾਏ। ਪੀੜਤ ਪਰਿਵਾਰ ਦਾ ਦਾਅਵਾ ਹੈ ਕਿ 13 ਕਨਾਲ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਅਤੇ ਕਥਿਤ ਤੌਰ ‘ਤੇ ਗੋਲੀ ਵੀ ਚਲਾਈ ਗਈ। ਪੀੜਤ ਗੁਰਜੀਤ ਸਿੰਘ, ਜੋ ਮੋਗਾ ਦੇ ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਹੈ ਉਸਨੇ ਅੰਮ੍ਰਿਤਸਰ ਦੇ ਹਲਕਾ ਰਾਜਾ ਸਾਂਸੀ ਤੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਦਾਦੀ ਅਤੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਜੱਦੀ ਪਿੰਡ ਕੁਹਾਲਾ ਜਾ ਰਿਹਾ ਸੀ। ਇਸ ਦੌਰਾਨ ਇੱਕ ਕਾਲੀ ਫਿਲਮ ਲੱਗੀ BMW ਕਾਰ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਕੁੱਕੜਾਂਵਾਲੀ ਨੇੜੇ ਉਨ੍ਹਾਂ ਦੀ ਗੱਡੀ ਅੱਗੇ ਲਾ ਕੇ ਰੋਕ ਲਈ।

ਗੁਰਜੀਤ ਸਿੰਘ ਦਾ ਕਹਿਣਾ ਕਿ ਉਸ ਦੇ ਚਾਚੇ ਦੇ ਪੁੱਤਰ ਈਸ਼ਵਰਜੋਤ ਸਿੰਘ, ਜੋ ਆਪਣੇ ਆਪ ਨੂੰ ਹਾਈ ਕੋਰਟ ਦਾ ਵਕੀਲ ਦੱਸਦਾ ਹੈ ਉਸਨੇ ਰਿਵਾਲਵਰ ਨਾਲ ਉਸ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾਈ। ਉਸ ਨੇ ਦਾਅਵਾ ਕੀਤਾ ਕਿ ਉਹ ਬਚ ਗਿਆ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਹਥਿਆਰ ਖੋਹ ਕੇ ਤੁਰੰਤ 112 ‘ਤੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ।

ਪੀੜਤ ਨੇ ਇਹ ਵੀ ਕਿਹਾ ਕਿ ਉਸ ਦੇ ਪਿਤਾ ਦੀ ਪੱਗ ਉਤਾਰ ਕੇ ਦਾੜ੍ਹੀ ਖਿੱਚੀ ਗਈ, ਜਦਕਿ ਉਸ ਦੀ ਬਜ਼ੁਰਗ ਦਾਦੀ ਨਾਲ ਧੱਕਾ-ਮੁੱਕੀ ਕਰਕੇ ਉਨ੍ਹਾਂ ਦੇ ਦੰਦ ਤੋੜ ਦਿੱਤੇ ਗਏ। ਗੁਰਜੀਤ ਸਿੰਘ ਨੇ ਕਿਹਾ ਕਿ ਆਰੋਪੀ ਪਰਿਵਾਰ ਵੱਲੋਂ ਉਸ ਨੂੰ ਸਮਝੌਤਾ ਕਰਨ ਲਈ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਨਸਾਫ਼ ਨਾ ਮਿਲਣ ‘ਤੇ ਉਸ ਦੀ ਜਾਨ ਨੂੰ ਅਜੇ ਵੀ ਖ਼ਤਰਾ ਹੈ।

ਉੱਥੇ ਹੀ ਬਜ਼ੁਰਗ ਸੁਖਵੰਤ ਕੌਰ ਨੇ ਵੀ ਮੀਡੀਆ ਸਾਹਮਣੇ ਆਪਣੇ ਹੀ ਪੋਤਰੇ ਅਤੇ ਪਰਿਵਾਰਕ ਮੈਂਬਰਾਂ ‘ਤੇ ਜ਼ਮੀਨ ਹੜੱਪਣ, ਧੱਕਾ-ਮੁੱਕੀ ਕਰਨ ਅਤੇ ਮਾਰਕੁੱਟ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਆਪਣਾ ਬਣਦਾ ਹੱਕ ਅਤੇ ਇਨਸਾਫ਼ ਚਾਹੁੰਦੇ ਹਨ। ਦੂਜੇ ਪਾਸੇ, ਰਾਜਾਸਾਂਸੀ ਥਾਣੇ ਦੇ ਐਸਐਚਓ ਹਰਜੀਤ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਨੰਬਰ 166/26 ਤਹਿਤ ਧਾਰਾ 307, 295 ਅਤੇ 341 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਈਸ਼ਵਰਜੋਤ ਸਿੰਘ, ਉਸ ਦੇ ਪਿਤਾ ਜਸਪਾਲ ਸਿੰਘ ਅਤੇ ਪ੍ਰਾਈਵੇਟ ਗੰਨਮੈਨ ਯਾਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਘਟਨਾ ਵਿੱਚ ਵਰਤੀ ਗਈ ਕਾਲੀ ਫਿਲਮ ਵਾਲੀ BMW ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।