ਪੰਜਾਬੀ ਫ਼ਿਲਮਾਂ ਦਾ ਵੱਡਾ ਕਲਾਕਾਰ ਨਹੀਂ ਰਿਹਾ 

ਪੰਜਾਬੀ ਫ਼ਿਲਮਾਂ ਦਾ ਵੱਡਾ ਕਲਾਕਾਰ ਨਹੀਂ ਰਿਹਾ 

ਪੰਜਾਬੀ ਫਿਲਮ ਇੰਡਸਟਰੀ ‘ਚੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ‘ਮੇਲ ਕਰਾਦੇ ਰੱਬਾ’, ‘ਜੱਟ ਐਂਡ ਜੂਲੀਅਟ’, ‘ਕੈਰੀ ਆਨ ਜੱਟਾ’, ‘ਗੋਲਕ ਬੁਗਨੀ ਬੈਂਕ ਤੇ ਬਟੂਆ ਵਰਗੀਆਂ ਕਈ ਹਿੱਟ ਫਿਲਮਾਂ ਲਈ ਜਾਣੇ ਜਾਂਦੇ ਪੰਜਾਬੀ ਅਦਾਕਾਰ-ਕਾਮੇਡੀਅਨ ਜਸਵਿੰਦਰ ਭੱਲਾ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਰ ਗਏ ਹਨ।

ਜੀ ਹਾਂ…ਦਰਅਸਲ ਦਿੱਗਜ ਅਦਾਕਾਰ ਜਸਵਿੰਦਰ ਭੱਲਾ ਬ੍ਰੇਨ ਸਟ੍ਰੋਕ ਤੋਂ ਪੀੜਤ ਸਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਸਨ। ਜਸਵਿੰਦਰ ਭੱਲਾ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ। ਉਨ੍ਹਾਂ ਦੀ ਉਮਰ 65 ਸਾਲ ਦੇ ਕਰੀਬ ਸੀ। ਜਸਵਿੰਦਰ ਭੱਲਾ ਦਾ ਅੰਤਿਮ ਸਸਕਾਰ ਕੱਲ੍ਹ ਮੋਹਾਲੀ ਦੇ ਬਲੌਂਗੀ ਵਿਚ ਹੋਵੇਗਾ।

ਜਸਵਿੰਦਰ ਭੱਲਾ 1989 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਸ਼ਾਮਲ ਹੋਏ ਅਤੇ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ। ਇਨ੍ਹਾਂ ਨੂੰ ਮੁੱਖ ਤੌਰ ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਪਹਿਲੀ ਵਾਰੀ 1988 ਵਿਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ ਜਿਸ ਵਿੱਚ ਇਨ੍ਹਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਸਨ।