ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਐਲਾਨ- ਮਣੀਪੁਰ ਹਿੰਸਾ ਦੀ ਜਾਂਚ ਲਈ ਕੀਤਾ ਜਾਵੇਗਾ ਨਿਆਂਇਕ ਕਮਿਸ਼ਨ ਦਾ ਗਠਨ,CBI ਵੀ ਕਰੇਗੀ ਜਾਂਚ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਐਲਾਨ- ਮਣੀਪੁਰ ਹਿੰਸਾ ਦੀ ਜਾਂਚ ਲਈ ਕੀਤਾ ਜਾਵੇਗਾ ਨਿਆਂਇਕ ਕਮਿਸ਼ਨ ਦਾ ਗਠਨ,CBI ਵੀ ਕਰੇਗੀ ਜਾਂਚ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਣੀਪੁਰ ਦੇ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕੀਤਾ ਕਿ ਮਣੀਪੁਰ ਹਿੰਸਾ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਹਾਈ ਕੋਰਟ ਦੇ ਸੇਵਾਮੁਕਤ ਚੀਫ਼ ਜਸਟਿਸ ਦੀ ਪ੍ਰਧਾਨਗੀ ਵਿਚ ਨਿਆਂਇਕ ਜਾਂਚ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੀ. ਬੀ. ਆਈ. ਮਣੀਪੁਰ ਵਿਚ ਹੋਈ ਹਿੰਸਾ ਦੇ ਪਿੱਛੇ ਅਪਰਾਧਕ ਅਤੇ ਹੋਰ ਸਾਜ਼ਿਸ਼ਾਂ ਦੀ ਜਾਂਚ ਕਰੇਗੀ। ਸ਼ਾਹ ਨੇ ਕਿਹਾ ਕਿ ਮਣੀਪੁਰ 'ਚ ਹਿੰਸਕ ਘਟਨਾਵਾਂ ਦੀ ਜਾਂਚ ਲਈ ਕਈ ਏਜੰਸੀਆਂ ਕੰਮ ਕਰ ਰਹੀਆਂ ਹਨ। ਅਸੀਂ ਯਕੀਨੀ ਬਣਾਵਾਂਗੇ ਕਿ ਜਾਂਚ ਨਿਰਪੱਖ ਹੋਵੇ। ਹਿੰਸਾ ਦਾ ਦੌਰ ਅਸਥਾਈ ਸੀ, ਗਲਤ ਫਹਿਮੀਆਂ ਦੂਰ ਹੋਣਗੀਆਂ ਅਤੇ ਜਲਦ ਹੀ ਸਥਿਤੀ ਆਮ ਹੋਵੇਗੀ। 

ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਭਾਰਤ-ਮਿਆਂਮਾਰ ਸਰਹੱਦ ਮੁੱਦੇ ਦੇ ਸਥਾਈ ਹੱਲ ਲਈ ਬਾੜ ਲਾਉਣ ਦਾ ਕੰਮ ਪੂਰਾ ਕੀਤਾ ਜਾਵੇਗਾ। ਸੂਬੇ ਵਿਚ ਸ਼ਾਂਤੀ ਬਹਾਲੀ ਲਈ ਮੁੱਖ ਮੰਤਰੀ ਦੀ ਪ੍ਰਧਾਨਗੀ ਵਿਚ ਇਕ ਸ਼ਾਂਤੀ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ, ਜਿਸ ਵਿਚ ਵੱਖ-ਵੱਖ ਨਾਗਰਿਕ ਸੰਗਠਨਾਂ ਦੇ ਲੋਕ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਮੈਂ ਮਣੀਪੁਰ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਫਰਜ਼ੀ ਖ਼ਬਰਾਂ ਵੱਲ ਧਿਆਨ ਨਾ ਦੇਣ। ਸਸਪੈਂਸ਼ਨ ਆਫ਼ ਆਪ੍ਰੇਸ਼ਨਜ਼ (ਐਸ. ਓ. ਓ) ਸਮਝੌਤੇ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਥਿਆਰ ਰੱਖਣ ਵਾਲਿਆਂ ਨੂੰ ਪੁਲਸ ਅੱਗੇ ਆਤਮ ਸਮਰਪਣ ਕਰਨਾ ਚਾਹੀਦਾ ਹੈ। ਭਲਕੇ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਹੋਵੇਗੀ, ਜੇਕਰ ਕਿਸੇ ਕੋਲ ਹਥਿਆਰ ਮਿਲੇ ਤਾਂ ਸਖ਼ਤ ਕਾਰਵਾਈ ਹੋਵੇਗੀ।

ਦੱਸ ਦੇਈਏ ਕਿ ਮਣੀਪੁਰ ਵਿਚ ਕਰੀਬ ਇਕ ਮਹੀਨੇ ਪਹਿਲਾਂ ਕਬਾਇਲੀ ਏਕਤਾ ਮਾਰਚ ਦੌਰਾਨ ਹਿੰਸਾ ਭੜਕੀ ਸੀ। ਦਰਅਸਲ ਮੈਤੀ ਭਾਈਚਾਰੇ ਦੇ ਲੋਕ ਜਨਜਾਤੀ ਰਾਖਵੇਂਕਰਨ ਦੀ ਮੰਗ ਕਰ ਰਹੇ ਹਨ। ਇਸ ਖ਼ਿਲਾਫ਼ ਮਣੀਪੁਰ ਦੇ ਪਹਾੜੀ ਇਲਾਕਿਆਂ ਵਿਚ ਕਬਾਇਲੀ ਏਕਤਾ ਮਾਰਚ ਦੌਰਾਨ ਹਿੰਸਾ ਭੜਕੀ। ਹਿੰਸਾ 'ਚ ਹੁਣ ਤੱਕ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਕਟੜਪੰਥੀ ਸੰਗਠਨਾਂ ਅਤੇ ਸੁਰੱਖਿਆ ਦਸਤਿਆਂ ਵਿਚਾਲੇ ਮੁਕਾਬਲੇ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਦੱਸ ਦੇਈਏ ਕਿ ਅਮਿਤ ਸ਼ਾਹ ਨੇ ਆਪਣੀ ਮਣੀਪੁਰ ਦੌਰੇ ਦੌਰਾਨ ਨਾ ਸਿਰਫ ਪੁਲਸ ਪ੍ਰਸ਼ਾਸਨ ਅਤੇ ਫ਼ੌਜ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ ਸਗੋਂ ਉਨ੍ਹਾਂ ਨੇ ਵੱਖ-ਵੱਖ ਨਾਗਰਿਕ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਵੀ ਚਰਚਾ ਕੀਤੀ ਅਤੇ ਸ਼ਾਂਤੀ ਬਹਾਲ ਕਰਨ ਦੇ ਉਪਾਵਾਂ 'ਤੇ ਗੱਲਬਾਤ ਕੀਤੀ। ਮਣੀਪੁਰ ਦਾ ਚੂਰਾਚਾਂਦਪੁਰ ਜ਼ਿਲ੍ਹਾ ਸਭ ਤੋਂ ਜ਼ਿਆਦਾ ਹਿੰਸਾ ਪ੍ਰਭਾਵਿਤ ਹੈ।