ਕਪੂਰਥਲਾ ਦੇ ਵਿਅਕਤੀ ਦੀ ਫਰਾਂਸ ''ਚ ਹੋਈ ਮੌਤ

ਕਪੂਰਥਲਾ ਦੇ ਵਿਅਕਤੀ ਦੀ ਫਰਾਂਸ ''ਚ ਹੋਈ ਮੌਤ

ਫਰਾਂਸ ਵਿੱਚ ਹੋ ਰਹੀਆਂ ਦਰਦਨਾਕ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਫਰਾਂਸ ਵਿਚ ਇਕ ਹੋਰ ਪੰਜਾਬੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ,ਜੋਕਿ ਪਿੰਡ ਨੰਗਲ ਲੁਬਾਣਾ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ। 

ਉਕਤ ਵਿਅਕਤੀ ਨਹਾਉਂਦੇ ਸਮੇਂ ਬ੍ਰੇਨ ਹੈਮਰੇਜ ਦਾ ਸ਼ਿਕਾਰ ਹੋ ਗਿਆ ਸੀ, ਜਿਸ ਨੂੰ ਉਸੇ ਵਕਤ ਉਸ ਦੇ ਨਾਲ ਰਹਿੰਦੇ ਦੋਸਤਾਂ ਨੇ ਹਸਪਤਾਲ ਪਹੁੰਚਾਇਆ ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ। ਮਨਜਿੰਦਰ ਸਿੰਘ ਨੇ ਕੁਝ ਸਮਾਂ ਭਾਰਤੀ ਫ਼ੌਜ ਵਿੱਚ ਵੀ ਨੌਕਰੀ ਕੀਤੀ ਹੋਈ ਹੈ। ਫਰਾਂਸ ਵਿੱਚ ਉਹ ਆਪਣੇ ਪਿੱਛੇ ਤਲਾਕਸ਼ੁਦਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।

ਸਮਾਜਸੇਵੀ ਸੰਸਥਾ ਔਰਰ-ਡਾਨ ਦੇ ਸੀਨੀਅਰ ਮੈਂਬਰ ਰਾਜੀਵ ਚੀਮਾ ਦੇ ਦੱਸਣ ਮੁਤਾਬਕ ਹੁਣ ਇਸ ਦੀ ਮ੍ਰਿਤਕ ਦੇਹ ਨੂੰ ਸਾਰੀਆਂ ਕਾਨੂੰਨੀ ਕਰਵਾਈਆਂ ਮੁਕੰਮਲ ਕਰਨ ਉਪਰੰਤ ਭਾਰਤ ਉਸ ਦੇ ਜੱਦੀ ਪਿੰਡ ਨੰਗਲ ਲੁਬਾਣਾ ਭੇਜਿਆ ਜਾਵੇਗਾ, ਜਿੱਥੇ ਕਿ ਉਸ ਦੇ ਪਰਿਵਾਰਿਕ ਮੈਂਬਰ ਉਸ ਦਾ ਦਾ ਦਾਹ ਸਸਕਾਰ ਆਪਣੇ ਹੱਥੀਂ ਕਰਨਗੇ। ਜਿਵੇਂ ਹੀ ਉਕਤ ਵਿਅਕਤੀ ਦੀ ਮੌਤ ਦੀ ਖ਼ਬਰ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਪਰਿਵਾਰ ਵਿਚ ਮਾਤਮ ਛਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਦੇ ਪਿੰਡ ਦਬੁਰਜੀ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ (46) ਦੀ ਫਰਾਂਸ ਵਿਚ ਮੌਤ ਹੋ ਗਈ ਸੀ। ਯਾਦਵਿੰਦਰ ਸਿੰਘ ਫਰਾਂਸ ਵਿਚ ਜ਼ੇਰੇ ਇਲਾਜ ਸਨ।