ਕੈਨੇਡਾ ''ਚ ਪੰਜਾਬ ਦੇ ਨੌਜਵਾਨ ਨੇ ਗੱਡੇ ਝੰਡੇ, ਪੁਲਸ ''ਚ ਭਰਤੀ ਹੋ ਕੇ ਚਮਕਾਇਆ ਨਾਂ

ਕੈਨੇਡਾ ''ਚ ਪੰਜਾਬ ਦੇ ਨੌਜਵਾਨ ਨੇ ਗੱਡੇ ਝੰਡੇ, ਪੁਲਸ ''ਚ ਭਰਤੀ ਹੋ ਕੇ ਚਮਕਾਇਆ ਨਾਂ

ਪੰਜਾਬੀ ਨੌਜਵਾਨ ਨੇ ਵੱਡੀਆਂ ਮੱਲਾਂ ਮਾਰਦੇ ਹੋਏ ਕੈਨੇਡਾ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਦਾਖਾ ਦੇ ਨਾਮਵਰ ਪਿੰਡ ਸਵੱਦੀ ਕਲਾਂ ਦੇ ਤੇਜਿੰਦਰ ਸਿੰਘ ਉਰਫ਼ ਜਿੰਦਰਪਲ ਦੇ ਸਪੁੱਤਰ ਕਰਨਵੀਰ ਸਿੰਘ (24) ਨੂੰ ਪਿਛਲੇ ਦਿਨੀਂ ਕੈਨੇਡਾ ਪੁਲਸ ਨੇ ਭਰਤੀ ਕਰ ਲਿਆ। ਬੇਸ਼ਕ ਕਰਨਵੀਰ ਸਿੰਘ ਅੱਜ ਤੋਂ ਕਰੀਬ 5 ਸਾਲ ਪਹਿਲਾਂ ਆਈਲੈਟਸ ਕਰਕੇ ਉਚੇਰੀ ਵਿੱਦਿਆ ਹਾਸਲ ਕਰਨ ਵਾਸਤੇ ਕੈਨੇਡਾ ਦੇ ਸ਼ਹਿਰ ਐਬਸਫੋਰਡ ਗਿਆ ਸੀ।

ਸੈਕਰਟ ਹਾਰਟ ਕਾਨਵੈਂਟ ਸਕੂਲ ਜਗਰਾਾਓਂ (ਅਲੀਗੜ) ਵਿਚ 10+2 ਪੜ੍ਹਨ ਵਾਲੇ ਕਰਨਵੀਰ ਸਿੰਘ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਸਵੱਦੀ ਕਲਾਂ ਨੇ ਪਹਿਲਾਂ ਕੈਨੇਡਾ ਪੁੱਜ ਕੇ ਆਪਣੀ ਪੜਾਈ ਪੂਰੀ ਕੀਤੀ। ਇਸ ਦੇ ਉਪਰੰਤ ਮਿਹਨਤ ਕਰਦਿਆਂ ਪਿਛਲੇ ਦਿਨੀਂ ਕੈਨੇਡਾ ਦੀ ਰਾਇਲ ਕੈਨੇਡੀਅਨ ਮੋਂਟਿਡ ਪੁਲਸ (ਆਰ. ਸੀ.  ਐੱਮ. ਪੀ) ਵਿੱਚ ਭਰਤੀ ਹੋ ਗਿਆ।

ਇਸ ਨੌਜਵਾਨ ਦੀ ਦਾਦੀ ਦਲਜੀਤ ਕੌਰ ਅਤੇ ਇਸ ਦੀ ਮਾਤਾ ਕੁਲਦੀਪ ਕੌਰ ਨੇ ਦੱਸਿਆ ਕਿ ਕਰਨਵੀਰ ਸਿੰਘ ਨੇ ਪੁਲਸ ਦੀ ਤਕਰੀਬਨ 3 ਮਹੀਨਿਆਂ ਦੀ ਟ੍ਰੇਨਿੰਗ ਕੀਤੀ ਅਤੇ ਹੁਣ ਉਹ 2 ਜਨਵਰੀ 2024 ਨੂੰ ਪੁਲਸ ਦੀ ਵਰਦੀ ਪਾ ਕੇ ਆਪਣੀ ਨੌਕਰੀ 'ਤੇ ਜਾਵੇਗਾ। ਜਦੋਂ ਇਸ ਨੌਜਵਾਨ ਦੀ ਇਸ ਪ੍ਰਾਪਤੀ ਬਾਰੇ ਉਸ ਦੇ ਜੱਦੀ ਪਿੰਡ ਸਵੱਦੀ ਕਲਾਂ ਪਤਾ ਲੱਗਾ ਤਾਂ ਪਿੰਡ ਵਾਸੀਆਂ ਵਿੱਚ ਖ਼ੁਸ਼ੀ ਦਾ ਮਾਹੌਲ ਸੀ। ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਸਮੇਤ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕਰਨਵੀਰ ਸਿੰਘ ਦੇ ਸਮੁੱਚੇ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ।