ਪੰਜਾਬ ਦੀ ਨਵੀਂ ਰਾਜਪਾਲ ਹੋ ਸਕਦੀ ਹੈ ਕਿਰਨ ਬੇਦੀ , ਭਾਜਪਾ ਬੁਲਾਰੇ ਨੇ ਕੀਤਾ ਦਾਅਵਾ

 ਪੰਜਾਬ ਦੀ ਨਵੀਂ ਰਾਜਪਾਲ ਹੋ ਸਕਦੀ ਹੈ ਕਿਰਨ ਬੇਦੀ , ਭਾਜਪਾ ਬੁਲਾਰੇ ਨੇ ਕੀਤਾ ਦਾਅਵਾ

ਪੰਜਾਬ ਵਿਚ ਭਾਜਪਾ ਦੇ ਬੁਲਾਰੇ ਡਾ.ਕਮਲ ਸੋਈ ਨੇ ਦਾਅਵਾ ਕੀਤਾ ਹੈ ਕਿ ਪਹਿਲੀ ਮਹਿਲਾ ਆਈਪੀਐਸ ਕਿਰਨ ਬੇਦੀ ਪੰਜਾਬ ਦੀ ਅਗਲੀ ਰਾਜਪਾਲ ਹੋਵੇਗੀ। ਡਾ: ਸੋਈ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਇਸ ਸਬੰਧੀ ਡਾ. ਕਮਲ ਸੋਈ ਨੇ ਕਿਹਾ ਕਿ ਉਨ੍ਹਾਂ ਦੇ ਪੰਜਾਬ ਆਉਣ 'ਤੇ ਸੂਬੇ ਦੇ ਹਾਲਾਤ ਬਦਲ ਜਾਣਗੇ | ਅੰਮ੍ਰਿਤਸਰ ਵਿਚ ਵੱਡੀ ਹੋਈ ਕਿਰਨ ਬੇਦੀ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੀ ਹੈ।

    Image

ਹਾਲਾਂਕਿ ਜਦੋਂ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਤਾਂ ਉਨ੍ਹਾਂ ਨੇ ਟਵੀਟ ਡਿਲੀਟ ਕਰ ਦਿਤਾ। ਲੁਧਿਆਣਾ ਦੇ ਰਹਿਣ ਵਾਲੇ ਡਾ.ਕਮਲ ਸੋਈ ਪੰਜਾਬ ਭਾਜਪਾ ਦੇ ਸੂਬਾ ਬੁਲਾਰੇ ਹਨ। ਉਹ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਅਧੀਨ ਰਾਸ਼ਟਰੀ ਸੜਕ ਸੁਰੱਖਿਆ ਕੌਂਸਲ ਦਾ ਮੈਂਬਰ ਵੀ ਹੈ।
 

ਦੱਸ ਦੇਈਏ ਕਿ ਕਿਰਨ ਬੇਦੀ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਨਾਲ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਜੁੜੀ ਹੋਈ ਸੀ। ਜਦੋਂ ਅਰਵਿੰਦ ਕੇਜਰੀਵਾਲ ਨੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਬਣਾਈ ਤਾਂ ਕਿਰਨ ਉਨ੍ਹਾਂ ਦੇ ਨਾਲ ਨਹੀਂ ਗਈ।ਬੇਦੀ ਦਾ ਨਾਂ ਅਜਿਹੇ ਸਮੇਂ 'ਚ ਚਰਚਾ 'ਚ ਆਇਆ ਹੈ, ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਸਾਬਕਾ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਕਾਫੀ ਵਿਵਾਦ ਚੱਲ ਰਿਹਾ ਸੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਪੁਰੋਹਿਤ ਵਿਚਕਾਰ ਚਿੱਠੀਆਂ ਅਤੇ ਬਿਆਨਾਂ ਦਾ ਸਿਲਸਿਲਾ ਜਾਰੀ ਸੀ। ਕਿਰਨ ਬੇਦੀ ਇਸ ਤੋਂ ਪਹਿਲਾਂ ਪੁਡੂਚੇਰੀ ਦੀ ਰਾਜਪਾਲ ਰਹਿ ਚੁੱਕੀ ਹੈ।

ਹਾਲਾਂਕਿ ਅਜੇ ਤੱਕ ਕਿਰਨ ਬੇਦੀ ਨੂੰ ਪੰਜਾਬ ਦੀ ਰਾਜਪਾਲ ਬਣਾਉਣ ਬਾਰੇ ਕੋਈ ਰਸਮੀ ਹੁਕਮ ਸਾਹਮਣੇ ਨਹੀਂ ਆਇਆ ਹੈ। ਪੰਜਾਬ ਰਾਜ ਭਵਨ ਦੇ ਸੂਤਰਾਂ ਅਨੁਸਾਰ ਫਿਲਹਾਲ ਉਨ੍ਹਾਂ ਕੋਲ ਨਵੇਂ ਰਾਜਪਾਲ ਦੇ ਨਾਂ ਬਾਰੇ ਕੋਈ ਰਸਮੀ ਜਾਣਕਾਰੀ ਨਹੀਂ ਹੈ। ਕਿਰਨ ਬੇਦੀ ਦਾ ਜਨਮ 6 ਜੂਨ 1949 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਉਹ ਸਾਬਕਾ ਟੈਨਿਸ ਖਿਡਾਰਨ ਹੈ। ਕਿਰਨ ਬੇਦੀ ਨੇ 1966 ਵਿੱਚ ਨੈਸ਼ਨਲ ਜੂਨੀਅਰ ਟੈਨਿਸ ਚੈਂਪੀਅਨਸ਼ਿਪ ਜਿੱਤੀ ਸੀ।

1965 ਤੋਂ 1978 ਤੱਕ, ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਜੀ ਮੁਕਾਬਲੇ ਜਿਤੇ। ਉਹ 1972 ਵਿੱਚ ਆਈਪੀਐਸ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਔਰਤ ਸੀ। ਆਈਪੀਐਸ ਅਧਿਕਾਰੀ ਬਣਨ ਤੋਂ ਬਾਅਦ, ਉਨ੍ਹਾਂ ਨੇ ਦਿੱਲੀ, ਗੋਆ, ਚੰਡੀਗੜ੍ਹ ਅਤੇ ਮਿਜ਼ੋਰਮ ਵਿੱਚ ਸੇਵਾਵਾਂ ਦਿੱਤੀਆਂ ਹਨ।