ਲੁਧਿਆਣਾ ਪੁਲਿਸ ਨੇ 22 ਕਿਲੋ ਗਾਂਜੇ ਸਣੇ 4 ਤਸਕਰਾਂ ਨੂੰ ਕੀਤਾ ਗ੍ਰਿਫਤਾਰ,ਡਰੱਗ ਰੈਕੇਟ ਦਾ ਹੋਇਆ ਪਰਦਾਫਾਸ਼ 

ਲੁਧਿਆਣਾ ਪੁਲਿਸ ਨੇ 22 ਕਿਲੋ ਗਾਂਜੇ ਸਣੇ 4 ਤਸਕਰਾਂ ਨੂੰ ਕੀਤਾ ਗ੍ਰਿਫਤਾਰ,ਡਰੱਗ ਰੈਕੇਟ ਦਾ ਹੋਇਆ ਪਰਦਾਫਾਸ਼ 

ਲੁਧਿਆਣਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਤੋਂ ਪੁਲਿਸ ਨੇ ਸ਼ੁੱਕਰਵਾਰ ਤੜਕੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਤਸਕਰਾਂ ਕੋਲੋਂ 22 ਕਿਲੋ ਗਾਂਜਾ ਬਰਾਮਦ ਕੀਤਾ ਹੈ। ਇਹ ਗਾਂਜਾ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਟ੍ਰੇਨ ਰਾਹੀਂ ਲਿਆਂਦਾ ਜਾ ਰਿਹਾ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਵੱਡੀ ਮਾਤਰਾ ਵਿੱਚ ਗਾਂਜਾ ਲੈ ਕੇ ਆ ਰਹੇ ਹਨ।

ਜਿਵੇਂ ਹੀ ਮੁਲਜ਼ਮ ਮਹਾਂਨਗਰ ਤੋਂ ਸਪਲਾਈ ਕਰਨ ਲਈ ਗਾਂਜਾ ਲੈ ਕੇ ਆਏ ਤਾਂ ਮੌਕੇ ’ਤੇ ਹੀ ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ । ADCP ਤੁਸ਼ਾਰ ਗੁਪਤਾ ਅਤੇ ਥਾਣਾ ਫੋਕਲ ਪੁਆਇੰਟ ਦੇ SHO ਅਮਨਦੀਪ ਸਿੰਘ ਬਰਾੜ ਦੀ ਅਗਵਾਈ ਵਿੱਚ ਟੀਮ ਨੇ ਬਰਾਮਦਗੀ ਕੀਤੀ ਹੈ। ਨਸ਼ਾ ਤਸਕਰ ਇੰਨੇ ਹੁਸ਼ਿਆਰ ਸਨ ਕਿ ਪੁਲਿਸ ਤੋਂ ਬਚਣ ਲਈ ਉਹ ਜਿਸ ਆਟੋ ਵਿੱਚ ਗਾਂਜੇ ਦੀ ਸਪਲਾਈ ਕਰਨ ਲਈ ਜਾਂਦੇ ਸਨ, ਉਸਦੇ ਅੱਗੇ ਇੱਕ ਕਾਰ ਲਗਾ ਦਿੰਦੇ ਸਨ, ਤਾਂ ਜੋ ਉਨ੍ਹਾਂ ਨੂੰ ਪੁਲਿਸ ਦੇ ਨਾਕੇ ਦੀ ਸੂਚਨਾ ਮਿਲਦੀ ਰਹੇ ।

ਇਸ ਸਬੰਧੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਇੱਕ ਕਾਰ ਵਿੱਚ ਆ ਰਹੇ 4 ਨਸ਼ਾ ਤਸਕਰ ਜਿਨ੍ਹਾਂ ਵਿਚੋਂ ਦੋ ਨਸ਼ਾ ਤਸਕਰ ਯੂਪੀ ਤੋਂ, ਇੱਕ ਹਰਿਆਣਾ ਤੋਂ ਅਤੇ ਇੱਕ ਬਿਹਾਰ ਤੋਂ ਸੀ ਨੂੰ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ ਗਾਂਜਾ ਮਜ਼ਦੂਰਾਂ ਨੂੰ ਸਪਲਾਈ ਕਰਦੇ ਸਨ । ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮਾਂ ਦੇ ਮਹਾਂਨਗਰ ਵਿੱਚ ਕਿਸ-ਕਿਸ ਨਾਲ ਸਬੰਧ ਹਨ।