ਮਜ਼ਬੂਤ ਹੋ ਰਹੇ ਭਾਰਤ ਅਤੇ ਕੈਨੇਡਾ ਦੇ ਸੰਬੰਧ, ਕਮਜ਼ੋਰ ਹੋਇਆ ਡਬਲਊ. ਐੱਸ. ਓ. ਦਾ ਖਾਲਿਸਤਾਨੀ ਏਜੰਡਾ

ਮਜ਼ਬੂਤ ਹੋ ਰਹੇ ਭਾਰਤ ਅਤੇ ਕੈਨੇਡਾ ਦੇ ਸੰਬੰਧ, ਕਮਜ਼ੋਰ ਹੋਇਆ ਡਬਲਊ. ਐੱਸ. ਓ. ਦਾ ਖਾਲਿਸਤਾਨੀ ਏਜੰਡਾ

1984 ਵਿਚ ਵਾਪਰੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕੈਨੇਡਾ ਵਿਚ ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਊ. ਐੱਸ. ਓ.) ਨਾਂ ਦੀ ਸੰਸਥਾ ਦਾ ਗਠਨ ਕੀਤਾ ਗਿਆ ਸੀ। ਕੈਨੇਡਾ ਦੇ ਡਿਫੈਂਸ ਮਨਿਸਟਰ ਹਰਜੀਤ ਸਿੰਘ ਸੱਜਣ ਦੇ ਪਿਤਾ ਕੁੰਦਨ ਸਿੰਘ ਸੱਜਣ ਇਸ ਸੰਸਥਾ ਦੇ ਮੋਢੀ ਮੈਂਬਰਾਂ ਵਿਚੋਂ ਇਕ ਰਹੇ ਹਨ ਅਤੇ ਅਮਰੀਕਾ ਦੇ ਕਿਸਾਨ ਦਿਦਾਰ ਸਿੰਘ ਬੈਂਸ ਨੇ ਇਸ ਸੰਸਥਾ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਈ। ਇਹ ਵੱਖਵਾਦੀ ਵਿਚਾਰਾਂ ਵਾਲੀ ਸੰਸਥਾ ਹੈ ਅਤੇ ਖਾਲਿਸਤਾਨ ਦਾ ਸਮਰਥਨ ਕਰਦੀ ਰਹੀ ਹੈ। ਹਾਲਾਂਕਿ ਇਸ ਸੰਸਥਾ ਨੂੰ ਕੈਨੇਡਾ ਵਿਚ ਵੱਸਦੇ ਲਿਬਰਲ ਸਿੱਖਾਂ ਦੀ ਹਿਮਾਇਤ ਹਾਸਲ ਨਹੀਂ ਹੈ। ਇਹ ਸੰਸਥਾ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਚਰਚਾ ਵਿਚ ਆਈ ਸੀ ਜਦੋਂ ਅਮਰਿੰਦਰ ਸਿੰਘ ਨੇ ਭਾਰਤ ਦੌਰੇ ’ਤੇ ਆਏ ਸੱਜਣ ਸਿੰਘ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਕੈਨੇਡਾ ਦੀ ਸੱਤਾਧਾਰੀ ਧਿਰ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲਾਂ ਖਾਲਿਸਤਾਨ ਦੇ ਮੁੱਦੇ ’ਤੇ ਸਿੱਖ ਸੰਗਠਨਾਂ ਦਾ ਕਾਫੀ ਸਾਥ ਦਿੰਦੇ ਰਹੇ ਹਨ ਪਰ ਪੰਜਾਬ ਵਿਚ ਖਾਲਿਸਤਾਨ ਬਨਾਉਣ ਲਈ ਕੈਨੇਡਾ ਵਿਚ ਕਰਵਾਏ ਗਏ ਰੈਫਰੰਡਮ ਤੋਂ ਟਰੂਡੋ ਸਰਕਾਰ ਵਲੋਂ ਕਿਨਾਰਾ ਕਰ ਲਏ ਜਾਣ ਤੋਂ ਬਾਅਦ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਅਤੇ ਗੁਰਪਤਵੰਤ ਸਿੰਘ ਪੰਨੂੰ ਦੇ ਸੰਗਠਨ ਸਿੱਖ ਫਾਰ ਜਸਟਿਸ ਨੂੰ ਵੀ ਵੱਡੀ ਢਾਅ ਲੱਗੀ ਹੈ। 
ਇਸ ਦਾ ਵੱਡਾ ਕਾਰਣ ਇਹ ਹੈ ਕਿ ਭਾਰਤ ਦੀ ਸਥਿਤੀ ਦੁਨੀਆ ਭਰ ਵਿਚ ਮਜ਼ਬੂਤ ਹੋ ਰਹੀ ਹੈ ਅਤੇ ਕੈਨੇਡਾ ਭਾਰਤ ਦੇ ਮਜ਼ਬੂਤ ਪਾਰਟਨਰ ਦੇ ਤੌਰ ’ਤੇ ਉੱਭਰ ਰਿਹਾ ਹੈ। ਉਸ ਨੂੰ ਕੌਮਾਂਤਰੀ ਪੱਧਰ ’ਤੇ ਭਾਰਤ ਦੇ ਸਮਰਥਨ ਦੀ ਲੋੜ ਹੈ। ਲਿਹਾਜ਼ਾ ਭਾਰਤ ਵਲੋਂ ਪਾਏ ਗਏ ਦਬਾਅ ਦੇ ਚੱਲਦਿਆਂ ਕੈਨੇਡਾ ਦੀ ਸਰਕਾਰ ਵਿਚ ਸਿੱਖ ਸੰਗਠਨਾਂ ਦਾ ਦਬਾਅ ਘੱਟ ਰਿਹਾ ਹੈ। ਇਸ ਦਾ ਵੱਡਾ ਕਾਰਣ ਇਹ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਨੇ ਕੈਨੇਡਾ ਦੀ ਖੁੱਲ੍ਹ ਕੇ ਮਦਦ ਕੀਤੀ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਰਤੀ ਕੈਨੇਡਾ ਵਿਚ ਜਾ ਰਹੇ ਹਨ ਅਤੇ ਕੈਨੇਡਾ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਪਿਛਲੇ ਦੋ ਸਾਲਾਂ ਦੌਰਾਨ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਰਣਨੀਤਕ ਰਿਸ਼ਤਿਆਂ ਵਿਚ ਬਦਲਾਅ ਆਇਆ ਹੈ ਅਤੇ ਕੈਨੇਡਾ ਚੀਨ ਦੇ ਰਿਸ਼ਤੇ ਪਹਿਲਾਂ ਵਾਂਗ ਨਹੀਂ ਰਹੇ ਹਨ। ਅਮਰੀਕਾ ਅਤੇ ਚੀਨ ਵਿਚਾਲੇ ਵੱਧ ਰਹੇ ਟਕਰਾਅ ਕਾਰਣ ਕੈਨੇਡਾ ਨਾਲ ਉਸ ਦੇ ਰਿਸ਼ਤਿਆਂ ’ਤੇ ਵੀ ਅਸਰ ਪਿਆ ਹੈ ਅਤੇ ਕੈਨੇਡਾ ਨੂੰ ਏਸ਼ੀਆ ਵਿਚ ਭਾਰਤ ਦੇ ਸਹਿਯੋਗ ਦੀ ਜ਼ਰੂਰਤ ਹੈ। ਲਿਹਾਜ਼ਾ ਕੈਨੇਡਾ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੈਨੇਡਾ ਦੀ ਸਰਕਾਰ ਹੁਣ ਭਾਰਤ ਵਲੋਂ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਖਾਲਿਸਤਾਨ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵਰਗੇ ਖਾਲਿਸਤਾਨੀ ਸੰਗਠਨਾਂ ਦੀ ਸੁਣਵਾਈ ਹੁਣ ਘੱਟ ਰਹੀ ਹੈ। ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਗਲੇ ਹਫਤੇ ਜੀ-20 ਦੀ ਬੈਠਕ ਵਿਚ ਹਿੱਸਾ ਲੈਣ ਲਈ ਬੈਂਗਲੂਰ ਵੀ ਆ ਰਹੀ ਹੈ। ਉਪ ਪ੍ਰਧਾਨ ਮੰਤਰੀ ਕੋਲ ਵਿੱਤ ਮੰਤਰੀ ਦਾ ਵੀ ਅਹੁਦਾ ਹੈ ਅਤੇ ਉਹ ਜੀ-20 ਵਿੱਤ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲਵੇਗੀ। ਇਸ ਮੀਟਿੰਗ ਦੌਰਾਨ ਵਾਤਾਵਰਣ ਦੇ ਨਾਲ-ਨਾਲ ਦੁਨੀਆ ਭਰ ਨੂੰ ਆ ਰਹੀਆਂ ਵਿੱਤੀ ਚੁਣੌਤੀਆਂ, ਇੰਟਰਨੈਸ਼ਨਲ ਟੈਕਸਾਂ ਅਤੇ ਯੂਕ੍ਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ’ਤੇ ਵੀ ਚਰਚਾ ਹੋਵੇਗੀ। 

ਇਸ ਮੀਟਿੰਗ ਜ਼ਰੀਏ ਵੀ ਕੈਨੇਡਾ ਨੇ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਦਾ ਸਿੱਧਾ ਸੰਦੇਸ਼ ਦਿੱਤਾ ਹੈ। ਇਸ ਵਿਚਕਾਰ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੋਨ ਮੈਕੇ ਵੀ ਇਹ ਸਾਫ ਕਰ ਚੁੱਕੇ ਹਨ ਕਿ ਭਾਰਤ ਕੈਨੇਡਾ ਦਾ ਅਹਿਮ ਅਤੇ ਭਰੋਸੇਮੰਦ ਸਹਿਯੋਗੀ ਹੈ ਅਤੇ ਭਾਰਤ ਦੇ ਹਿੱਤਾਂ ਦਾ ਧਿਆਨ ਰੱਖਣਾ ਕੈਨੇਡਾ ਦਾ ਫਰਜ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਭਾਰਤ ਦੀ ਪ੍ਰਭੁਤਾ ਅਤੇ ਖੇਤਰੀ ਅਖੰਡਤਾ ਦਾ ਸਮਰਥਨ ਕਰਦਾ ਹੈ। ਇਸ ਜ਼ਰੀਏ ਵੀ ਕੈਨੇਡਾ ਖਾਲਿਸਤਾਨੀਆਂ ਨੂੰ ਸਿੱਧਾ ਸੰਦੇਸ਼ ਦਿੱਤਾ ਹੈ। ਲਿਹਾਜ਼ਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵਰਗੇ ਸੰਗਠਨਾਂ ਨੂੰ ਰਾਜਨੀਤਕ ਏਜੰਡੇ ਦੀ ਬਜਾਏ ਆਪਣੇ ਨਾਮ ਅਨੁਸਾਰ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖਾਂ ਦੀ ਤਰੱਕੀ ਲਈ ਕੰਮ ਕਰਨ ਦੀ ਲੋੜ ਹੈ।

 

ਜੋਗਿੰਦਰ ਬਾਸੀ
ਮੁੱਖ ਸੰਪਾਦਕ