ਭਾਜਪਾ ਵਿਧਾਇਕ ਸ਼ਿਵ ਸੈਨਾ ਨੇਤਾ ’ਤੇ ਗੋਲੀ ਚਲਾਉਣ ਦੇ ਦੋਸ਼ ’ਚ ਹੋਇਆ ਗ੍ਰਿਫ਼ਤਾਰ

ਭਾਜਪਾ ਵਿਧਾਇਕ ਸ਼ਿਵ ਸੈਨਾ ਨੇਤਾ ’ਤੇ ਗੋਲੀ ਚਲਾਉਣ ਦੇ ਦੋਸ਼ ’ਚ ਹੋਇਆ ਗ੍ਰਿਫ਼ਤਾਰ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਸ਼ਿਵ ਸੈਨਾ ਦੇ ਇਕ ਨੇਤਾ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।

ਵਧੀਕ ਪੁਲਿਸ ਕਮਿਸ਼ਨਰ ਦੱਤਾਤ੍ਰੇਯ ਸ਼ਿੰਦੇ ਨੇ ਮੀਡੀਆ ਨੂੰ ਦਸਿਆ ਕਿ ਕਲਿਆਣ ਗਣਪਤ ਗਾਇਕਵਾੜ ਤੋਂ ਭਾਜਪਾ ਵਿਧਾਇਕ ਨੇ ਸ਼ੁਕਰਵਾਰ ਰਾਤ ਨੂੰ ਉਲਹਾਸਨਗਰ ਇਲਾਕੇ ਦੇ ਹਿੱਲ ਲਾਈਨ ਥਾਣੇ ਦੇ ਸੀਨੀਅਰ ਇੰਸਪੈਕਟਰ ਦੇ ਕਮਰੇ ’ਚ ਸ਼ਿਵ ਸੈਨਾ ਦੀ ਭਲਾਈ ਇਕਾਈ ਦੇ ਮੁਖੀ ਮਹੇਸ਼ ਗਾਇਕਵਾੜ ’ਤੇ ਗੋਲੀਆਂ ਚਲਾਈਆਂ। ਗ੍ਰਿਫਤਾਰੀ ਤੋਂ ਪਹਿਲਾਂ ਗਣਪਤ ਗਾਇਕਵਾੜ ਨੇ ਨਿਊਜ਼ ਚੈਨਲ ‘ਜ਼ੀ24 ਤਾਸ’ ਨੂੰ ਫੋਨ ’ਤੇ ਦਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਥਾਣੇ ’ਚ ਕੁੱਟਿਆ ਜਾ ਰਿਹਾ ਸੀ, ਇਸ ਲਈ ਉਨ੍ਹਾਂ ਨੇ ਗੋਲੀ ਚਲਾ ਦਿਤੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਮਹਾਰਾਸ਼ਟਰ ’ਚ ਅਪਰਾਧੀਆਂ ਦਾ ਸਾਮਰਾਜ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

ਮਹੇਸ਼ ਗਾਇਕਵਾੜ ਨੂੰ ਪਹਿਲਾਂ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਠਾਣੇ ਦੇ ਇਕ ਨਿੱਜੀ ਮੈਡੀਕਲ ਸੁਵਿਧਾ ’ਚ ਲਿਜਾਇਆ ਗਿਆ। ਸ਼ਿਵ ਸੈਨਾ ਦੀ ਭਲਾਈ ਇਕਾਈ ਦੇ ਇੰਚਾਰਜ ਗੋਪਾਲ ਲਾਂਡਗੇ ਨੇ ਕਿਹਾ ਕਿ ਮਹੇਸ਼ ਗਾਇਕਵਾੜ ਦੀ ਸਰਜਰੀ ਸਫਲ ਰਹੀ। ਵਧੀਕ ਪੁਲਿਸ ਕਮਿਸ਼ਨਰ ਦੱਤਾਤ੍ਰੇਯ ਸ਼ਿੰਦੇ ਨੇ ਦਸਿਆ ਕਿ ਗਣਪਤ ਗਾਇਕਵਾੜ ਦਾ ਬੇਟਾ ਜ਼ਮੀਨੀ ਵਿਵਾਦ ਦੇ ਸਬੰਧ ’ਚ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਆਇਆ ਸੀ ਜਦੋਂ ਮਹੇਸ਼ ਗਾਇਕਵਾੜ ਅਪਣੇ ਸਾਥੀਆਂ ਨਾਲ ਉੱਥੇ ਪਹੁੰਚਿਆ। ਬਾਅਦ ’ਚ ਗਣਪਤ ਗਾਇਕਵਾੜ ਵੀ ਥਾਣੇ ਪਹੁੰਚੇ। 

ਅਧਿਕਾਰੀ ਨੇ ਦਸਿਆ ਕਿ ਵਿਧਾਇਕ ਅਤੇ ਸ਼ਿਵ ਸੈਨਾ ਨੇਤਾ ਵਿਚਾਲੇ ਝਗੜੇ ਦੌਰਾਨ ਗਣਪਤ ਗਾਇਕਵਾੜ ਨੇ ਸੀਨੀਅਰ ਇੰਸਪੈਕਟਰ ਦੇ ਚੈਂਬਰ ਦੇ ਅੰਦਰ ਮਹੇਸ਼ ਗਾਇਕਵਾੜ ’ਤੇ ਕਥਿਤ ਤੌਰ ’ਤੇ ਗੋਲੀ ਚਲਾ ਦਿਤੀ, ਜਿਸ ਨਾਲ ਉਹ ਅਤੇ ਉਨ੍ਹਾਂ ਦਾ ਸਾਥੀ ਜ਼ਖਮੀ ਹੋ ਗਏ। ਗਣਪਤ ਗਾਇਕਵਾੜ ਨੇ ਇਕ ਨਿਊਜ਼ ਚੈਨਲ ਨੂੰ ਦਸਿਆ, ‘‘ਹਾਂ, ਮੈਂ ਖੁਦ ਉਸ ਨੂੰ ਗੋਲੀ ਮਾਰ ਦਿਤੀ।

ਮੈਨੂੰ ਕੋਈ ਪਛਤਾਵਾ ਨਹੀਂ ਹੈ। ਜੇ ਮੇਰੇ ਬੇਟੇ ਨੂੰ ਥਾਣੇ ਦੇ ਅੰਦਰ ਪੁਲਿਸ ਦੇ ਸਾਹਮਣੇ ਕੁੱਟਿਆ ਜਾ ਰਿਹਾ ਹੈ ਤਾਂ ਮੈਂ ਕੀ ਕਰਾਂਗਾ।’’ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੰਜ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਜੇਕਰ ਏਕਨਾਥ ਸ਼ਿੰਦੇ ਮੁੱਖ ਮੰਤਰੀ ਹੋਣਗੇ ਤਾਂ ਮਹਾਰਾਸ਼ਟਰ ’ਚ ਸਿਰਫ ਅਪਰਾਧੀ ਪੈਦਾ ਹੋਣਗੇ। ਉਨ੍ਹਾਂ ਕਿਹਾ, ‘‘ਅੱਜ ਉਨ੍ਹਾਂ ਨੇ ਮੇਰੇ ਵਰਗੇ ਚੰਗੇ ਆਦਮੀ ਨੂੰ ਅਪਰਾਧੀ ਬਣਾ ਦਿਤਾ ਹੈ।’’ ਉਨ੍ਹਾਂ ਨੇ ਇਸ ਹਮਲੇ ਨੂੰ ਆਤਮ ਰੱਖਿਆ ਦੀ ਕਾਰਵਾਈ ਦਸਿਆ। 

ਭਾਜਪਾ ਅਤੇ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਮਹਾਰਾਸ਼ਟਰ ’ਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਹਨ। ਗਣਪਤ ਗਾਇਕਵਾੜ ਤੋਂ ਇਲਾਵਾ ਪੁਲਿਸ ਨੇ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ’ਤੇ ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ 120 ਬੀ (ਅਪਰਾਧਕ ਸਾਜ਼ਸ਼) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਭਾਜਪਾ ਵਿਧਾਇਕ ਨੇ ਮੁੱਖ ਮੰਤਰੀ ਦੇ ਬੇਟੇ ਅਤੇ ਕਲਿਆਣ ਤੋਂ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ’ਤੇ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਦਾ ਸਿਹਰਾ ਲੈਂਦੇ ਹੋਏ ਬੋਰਡ ਲਗਾਉਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ, ‘‘ਮੈਂ ਅਪਣੇ ਸੀਨੀਅਰਾਂ ਨੂੰ ਕਈ ਵਾਰ ਕਿਹਾ ਸੀ ਕਿ ਇਹ ਲੋਕ ਮੇਰੇ ਨੇਤਾਵਾਂ ਵਿਰੁਧ ਹਿੰਸਾ ਕਰ ਰਹੇ ਹਨ।’’
ਗੋਲੀਬਾਰੀ ਦੇ ਕਾਰਨ ਹੋਏ ਜ਼ਮੀਨੀ ਵਿਵਾਦ ਬਾਰੇ ਗੱਲ ਕਰਦਿਆਂ ਗਣਪਤ ਗਾਇਕਵਾੜ ਨੇ ਕਿਹਾ ਕਿ ਉਨ੍ਹਾਂ ਨੇ 10 ਸਾਲ ਪਹਿਲਾਂ ਜ਼ਮੀਨ ਦਾ ਇਕ ਪਲਾਟ ਖਰੀਦਿਆ ਸੀ।

ਉਨ੍ਹਾਂ ਨੇ ਕਿਹਾ ਕਿ ਕੁੱਝ ਕਾਨੂੰਨੀ ਮੁੱਦੇ ਸਨ ਪਰ ਉਸ ਨੇ ਅਦਾਲਤ ’ਚ ਕੇਸ ਜਿੱਤ ਲਿਆ। ਉਸ ਨੇ ਦੋਸ਼ ਲਾਇਆ ਕਿ ਮਹੇਸ਼ ਗਾਇਕਵਾੜ ਨੇ ਇਸ ’ਤੇ ਜ਼ਬਰਦਸਤੀ ਕਬਜ਼ਾ ਕਰ ਲਿਆ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਜ਼ਮੀਨ ਬਾਰੇ ਸ਼ਿਕਾਇਤ ਦਰਜ ਕਰਵਾਉਣ ਲਈ ਉਲਹਾਸਨਗਰ ਦੇ ਥਾਣੇ ਗਿਆ ਸੀ। ਉਨ੍ਹਾਂ ਨੇ ਕਿਹਾ, ‘‘ਮੈਨੂੰ ਕੋਈ ਪਛਤਾਵਾ ਨਹੀਂ ਹੈ। ਇਕ ਪਿਤਾ ਹੋਣ ਦੇ ਨਾਤੇ, ਮੈਂ ਕਿਸੇ ਨੂੰ ਵੀ ਮੇਰੇ ਬੱਚੇ ਨੂੰ ਕੁੱਟਣਾ ਬਰਦਾਸ਼ਤ ਨਹੀਂ ਕਰ ਸਕਦਾ।’’

ਉਨ੍ਹਾਂ ਕਿਹਾ, ‘‘ਸ਼ਿੰਦੇ ਨੇ ਊਧਵ ਠਾਕਰੇ ਨਾਲ ਧੋਖਾ ਕੀਤਾ ਹੈ, ਉਹ ਭਾਜਪਾ ਨੂੰ ਵੀ ਧੋਖਾ ਦੇਣਗੇ। ਉਨ੍ਹਾਂ ’ਤੇ ਮੇਰਾ ਕਰੋੜਾਂ ਰੁਪਏ ਦਾ ਕਰਜ਼ਾ ਹੈ। ਜੇ ਮਹਾਰਾਸ਼ਟਰ ਨੂੰ ਚੰਗੀ ਤਰ੍ਹਾਂ ਪ੍ਰਬੰਧਿਤ ਕਰਨਾ ਹੈ ਤਾਂ ਸ਼ਿੰਦੇ ਨੂੰ ਅਸਤੀਫਾ ਦੇਣਾ ਪਵੇਗਾ। ਇਹ ਮੇਰੀ ਦੇਵੇਂਦਰ ਫੜਨਵੀਸ (ਉਪ ਮੁੱਖ ਮੰਤਰੀ) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਮਰ ਬੇਨਤੀ ਹੈ।’’