ਫਿਰੋਜ਼ਪੁਰ ਤੋਂ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਦਿਤੀ ਟਿਕਟ

 ਫਿਰੋਜ਼ਪੁਰ ਤੋਂ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਦਿਤੀ ਟਿਕਟ

ਲੋਕ ਸਭਾ ਚੋਣਾਂ 2024 ਦੇ ਚਲਦਿਆਂ ਕਾਂਗਰਸ ਨੇ ਪੰਜਾਬ ਲਈ ਅਪਣੀ ਆਖਰੀ ਸੂਚੀ ਜਾਰੀ ਕਰ ਦਿਤੀ ਹੈ। ਪਾਰਟੀ ਨੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਐਲਾਨਿਆ ਹੈ।ਦੱਸ ਦੇਈਏ ਕਿ ਦੋ ਵਾਰ ਦੇ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਪਾਰਟੀ ਦੇ ਐਲਾਨ ਤੋਂ ਪਹਿਲਾਂ ਹੀ ਖ਼ੁਦ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਫਿਰੋਜ਼ਪੁਰ ਤੋਂ ਉਨ੍ਹਾਂ ਦੀ ਟਿਕਟ ਪੱਕੀ ਹੈ।

ਸ਼ੇਰ ਸਿੰਘ ਘੁਬਾਇਆ ਸਾਲ 2009 ਅਤੇ 2014 ਦੀਆਂ ਚੋਣਾਂ ਵਿਚ ਸੰਸਦ ਮੈਂਬਰ ਚੁਣੇ ਗਏ ਸਨ। ਸਾਲ 2009 ਵਿਚ ਅਕਾਲੀ ਦਲ ਨੇ ਰਾਏ ਸਿੱਖ ਬਰਾਦਰੀ ਦਾ ਦਾਅ ਖੇਡਦਿਆਂ ਤਿੰਨ ਵਾਰ ਦੇ ਸੰਸਦ ਮੈਂਬਰ ਜ਼ੋਰਾ ਸਿੰਘ ਮਾਨ ਦੀ ਟਿਕਟ ਕੱਟ ਕੇ ਘੁਬਾਇਆ ਨੂੰ ਦਿਤੀ ਸੀ ਅਤੇ ਉਹ ਚੋਣ ਜਿੱਤ ਕੇ ਸੰਸਦ ਵਿਚ ਪਹੁੰਚ ਗਏ ਸਨ। 2014 ਦੀਆਂ ਚੋਣਾਂ ਵਿਚ ਘੁਬਾਇਆ ਕਾਂਗਰਸ ਦੇ ਸੁਨੀਲ ਜਾਖੜ ਤੋਂ ਚੋਣ ਜਿੱਤ ਕੇ ਦੂਜੀ ਵਾਰ ਸੰਸਦ ਮੈਂਬਰ ਬਣੇ ਸਨ।

           Image

ਸਾਲ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘੁਬਾਇਆ ਪਰਿਵਾਰ ਕਾਂਗਰਸ ਵਿਚ ਸ਼ਾਮਲ ਹੋ ਗਿਆ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਘੁਬਾਇਆ ਦਾ ਲੜਕਾ ਦਵਿੰਦਰ ਸਿੰਘ ਘੁਬਾਇਆ ਕਾਂਗਰਸ ਦੀ ਟਿਕਟ ’ਤੇ ਫਾਜ਼ਿਲਕਾ ਤੋਂ ਵਿਧਾਇਆ ਬਣ ਗਿਆ। ਉਸ ਤੋਂ ਬਾਅਦ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਘੁਬਾਇਆ ਨੂੰ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਵਿਰੁਧ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਪਰ ਉਹ ਚੋਣ ਹਾਰ ਗਏ।
2024 ਦੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਅਕਾਲੀ ਦਲ ਨੇ ਨਵਦੇਵ ਸਿੰਘ ਮਾਨ ਨੂੰ ਟਿਕਟ ਦਿਤੀ ਹੈ। ਫਿਲਹਾਲ ਭਾਜਪਾ ਨੇ ਫਿਰੋਜ਼ਪੁਰ ਤੋਂ ਅਪਣਾ ਉਮੀਦਵਾਰ ਨਹੀਂ ਐਲਾਨਿਆ ਹੈ।