ਕੋਟਕਪੂਰਾ ਨੈਸ਼ਨਲ ਹਾਈਵੇ ''ਤੇ ਭਿਆਨਕ ਸੜਕ ਹਾਦਸਾ, ਇਕ ਵਿਅਕਤੀ ਦੀ ਦਰਦਨਾਕ ਮੌਤ

ਕੋਟਕਪੂਰਾ ਨੈਸ਼ਨਲ ਹਾਈਵੇ ''ਤੇ ਭਿਆਨਕ ਸੜਕ ਹਾਦਸਾ, ਇਕ ਵਿਅਕਤੀ ਦੀ ਦਰਦਨਾਕ ਮੌਤ

ਮੰਗਲਵਾਰ ਸਵੇਰੇ ਸਥਾਨਕ ਕੋਟਕਪੂਰਾ ਦੇ ਬਾਹਰਵਾਰ ਲੰਘਦੇ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਇਕ ਅਣਪਛਾਤੇ ਵਾਹਨ ਵੱਲੋਂ ਟਰੈਕਟਰ-ਟਰਾਲੀ ਨੂੰ ਟੱਕਰ ਮਾਰੇ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਸੰਧਵਾਂ ਦੇ ਬਸੰਤ ਸਿੰਘ (45) ਪੁੱਤਰ ਜਗਸੀਰ ਸਿੰਘ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੰਧਵਾਂ ਦਾ ਬਸੰਤ ਸਿੰਘ ਸਵੇਰੇ 3:15 ਵਜੇ ਦੇ ਕਰੀਬ ਆਪਣੇ ਟਰੈਕਟਰ-ਟਰਾਲੀ 'ਤੇ ਟਮਾਟਰ ਸਥਾਨਕ ਸਬਜੀ ਮੰਡੀ ਵੇਚਣ ਲਈ ਲਿਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਸੰਧਵਾਂ ਤੋਂ ਨੈਸ਼ਨਲ ਹਾਈਵੇ 'ਤੇ ਚੜ੍ਹ ਕੇ ਥੋੜਾ ਅੱਗੇ ਆਇਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸਦੇ ਟਰੈਕਟਰ-ਟਰਾਲੀ ਨੂੰ ਪਿਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ-ਟਰਾਲੀ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਵਾਲੇ ਪਾਸੇ ਪਲਟ ਗਿਆ। 

ਇਸ ਹਾਦਸੇ ਵਿਚ ਬਸੰਤ ਸਿੰਘ ਨੂੰ ਸਿਰ ਅਤੇ ਲੱਤਾਂ ਆਦਿ 'ਤੇ ਗੰਭੀਰ ਸੱਟਾਂ ਵੱਜੀਆਂ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਿੰਡ ਸੰਧਵਾਂ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਹੋਰ ਲੋਕ ਮੌਕੇ 'ਤੇ ਇਕੱਤਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ ਅਤੇ ਕਾਰਵਾਈ ਕਰਦੇ ਹੋਏ ਸੜਕ 'ਤੇ ਖਿੱਲਰੇ ਹੋਏ ਟਮਾਟਰ ਅਤੇ ਟਰੈਕਟਰ-ਟਰਾਲੀ ਨੂੰ ਸੜਕ ਤੋਂ ਇੱਕ ਪਾਸੇ ਹਟਾਇਆ ਤਾਂ ਜੋ ਟਰੈਫਿਕ ਸਹੀ ਚੱਲਦਾ ਰਹੈ ਅਤੇ ਕੋਈ ਹੋਰ ਹਾਦਸਾ ਨਾ ਵਾਪਰੇ।