PM ਮੋਦੀ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਨਾਲ ਕੀਤੀ 4 ਘੰਟੇ ਲੰਬੀ ਅਹਿਮ ਮੀਟਿੰਗ, ਕਈ ਅਹਿਮ ਮੁੱਦਿਆਂ ''ਤੇ ਹੋਈ ਚਰਚਾ

PM ਮੋਦੀ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਨਾਲ ਕੀਤੀ 4 ਘੰਟੇ ਲੰਬੀ ਅਹਿਮ ਮੀਟਿੰਗ, ਕਈ ਅਹਿਮ ਮੁੱਦਿਆਂ ''ਤੇ ਹੋਈ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 'ਸੇਵਾ ਤੀਰਥ' ਵਿਖੇ ਭਾਰਤ ਸਰਕਾਰ ਦੇ ਸਾਰੇ ਵਿਭਾਗਾਂ ਦੇ ਸਕੱਤਰਾਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਕੀਤੀ। ਲਗਭਗ 4 ਘੰਟੇ ਚੱਲੀ ਇਸ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਮੁੱਖ ਤੌਰ 'ਤੇ ਦੋ ਅਹਿਮ ਮੁੱਦਿਆਂ, 'ਈਜ਼ ਆਫ਼ ਡੂਇੰਗ ਬਿਜ਼ਨਸ' (ਕਾਰੋਬਾਰ ਵਿਚ ਆਸਾਨੀ) ਅਤੇ 'ਆਤਮਨਿਰਭਰਤਾ' ਨੂੰ ਉਤਸ਼ਾਹਿਤ ਕਰਨ 'ਤੇ ਚਰਚਾ ਕੀਤੀ।

ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ 'ਈਜ਼ ਆਫ਼ ਡੂਇੰਗ ਬਿਜ਼ਨਸ' ਦੇ ਨਾਲ-ਨਾਲ 'ਈਜ਼ ਆਫ਼ ਲਿਵਿੰਗ' (ਜੀਵਨ ਗੁਜ਼ਾਰਨ ਵਿਚ ਆਸਾਨੀ) ਲਈ ਨਿਯਮਾਂ ਵਿਚ ਢਿੱਲ ਦੇਣ ਅਤੇ ਹੋਰ ਜ਼ਰੂਰੀ ਸੁਧਾਰਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਜਿਹੀਆਂ ਰਣਨੀਤੀਆਂ ਬਣਾਉਣ ਜਿਨ੍ਹਾਂ ਨਾਲ ਸਰਕਾਰੀ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕੇ। 

ਵਿਭਾਗਾਂ ਵਿਚਾਲੇ ਤਾਲਮੇਲ ਦੀ ਅਹਿਮੀਅਤ
ਪ੍ਰਧਾਨ ਮੰਤਰੀ ਨੇ 'ਹੋਲ-ਆਫ-ਗਵਰਨਮੈਂਟ' (ਪੂਰੀ ਸਰਕਾਰ ਨੂੰ ਇੱਕ ਇਕਾਈ ਵਜੋਂ ਦੇਖਣ) ਦੇ ਨਜ਼ਰੀਏ ਨੂੰ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਭਾਗਾਂ ਨੂੰ ਆਪਸੀ ਰੁਕਾਵਟਾਂ ਨੂੰ ਤੋੜ ਕੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 'ਪੀਐੱਮ ਗਤੀਸ਼ਕਤੀ' ਪਲੇਟਫਾਰਮ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ ਤਾਂ ਜੋ ਸਹੀ ਜਾਣਕਾਰੀ ਦੇ ਆਧਾਰ 'ਤੇ ਫੈਸਲੇ ਲਏ ਜਾ ਸਕਣ ਅਤੇ ਯੋਜਨਾਬੰਦੀ ਨੂੰ ਬਿਹਤਰ ਬਣਾਇਆ ਜਾ ਸਕੇ।

ਮੀਟਿੰਗ ਵਿਚ ਮੌਜੂਦ ਵੱਖ-ਵੱਖ ਮੰਤਰਾਲਿਆਂ ਦੇ ਸਕੱਤਰਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਵਿਭਾਗਾਂ ਵੱਲੋਂ ਉਠਾਏ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗਵਰਨੈਂਸ ਤੇ ਸਰਵਿਸ ਡਿਲੀਵਰੀ ਨੂੰ ਸੁਧਾਰਨ ਲਈ ਆਪਣੀਆਂ ਭਵਿੱਖ ਦੀਆਂ ਰਣਨੀਤੀਆਂ ਦੀ ਰੂਪਰੇਖਾ ਵੀ ਪੇਸ਼ ਕੀਤੀ। ਬੈਠਕ ਵਿਚ ਕਾਰੋਬਾਰ, ਆਤਮਨਿਰਭਰਤਾ ਤੇ ਜਨ-ਕਲਿਆਣਕਾਰੀ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਮੁੱਖ ਏਜੰਡਾ ਮੰਨਿਆ ਗਿਆ।