- Updated: March 05, 2025 01:34 PM
ਪੰਜਾਬ ਵਿੱਚ ਇਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਲੰਧਰ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਦੀ ਫਰਜ਼ੀ ਆਈ. ਡੀ. ਬਣਾ ਕੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਅਪਲੋਡ ਕਰਕੇ ਸਹੁਰੇ ਪਰਿਵਾਰ ਨੂੰ ਭੇਜ ਦਿੱਤੀਆਂ ਗਈਆਂ। ਇਸ ਸਬੰਧੀ 25 ਸਾਲਾ ਪੀੜਤਾ ਨੇ ਮਾਮਲਾ ਦਰਜ ਕਰਵਾਇਆ ਹੈ। ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਕਮਿਸ਼ਨਰੇਟ ਪੁਲਸ ਨੇ ਵਿਦੇਸ਼ 'ਚ ਰਹਿਣ ਵਾਲੀ ਇਕ ਔਰਤ ਅਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੋਸ਼ੀ ਦੀ ਪਛਾਣ ਨੇਹਾ ਪਤਨੀ ਰਮਨ ਵਾਸੀ ਲੁਧਿਆਣਾ ਅਤੇ ਵਿਸ਼ਾਲ ਵਾਸੀ ਮਲੇਸ਼ੀਆ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 354-ਸੀ, 506, 507, 509, 120-ਬੀ ਅਤੇ ਆਈ. ਟੀ. ਐਕਟ ਦੀ ਧਾਰਾ 77-ਆਈ, 67, 67-ਈ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਇੰਸਟਾਗ੍ਰਾਮ 'ਤੇ ਉਸ ਦੀ ਫੇਕ ਆਈ. ਡੀ. ਬਣਾਈ ਅਤੇ ਉਸ 'ਤੇ ਇਤਰਾਜ਼ਯੋਗ ਤਸਵੀਰਾਂ ਸ਼ੇਅਰ ਕਰ ਦਿੱਤੀਆਂ। ਇਸ ਦੇ ਬਾਅਦ ਇਹ ਤਸਵੀਰਾਂ ਮਹਿਲਾ ਦੇ ਸਹੁਰੇ ਪਰਿਵਾਰ ਨੂੰ ਭੇਜ ਦਿੱਤੀਆਂ ਗਈਆਂ ਅਤੇ ਪੀੜਤਾ ਵਿਆਹੁਤਾ ਦਾ ਰਿਸ਼ਤਾ ਖ਼ਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।