- Updated: August 27, 2026 06:58 PM
ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਕੌਮੀ ਮਾਰਗ 'ਤੇ ਪਿੰਡ ਡਾਢੀ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਮੋਟਰਸਾਈਕਲ ’ਤੇ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਕੀਰਤਪੁਰ ਸਾਹਿਬ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਵਾਸੀ ਪਿੰਡ ਬਹਿਲੋਲਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਪੁਲਸ ਨੂੰ ਬਿਆਨ ਦਿੰਦੇ ਦੱਸਿਆ ਕਿ ਬੀਤੀ 26 ਅਗਸਤ ਨੂੰ ਉਹ ਅਤੇ ਉਸ ਦਾ ਚਾਚਾ ਅਜੀਤ ਰਾਮ ਪੁੱਤਰ ਗੰਗਾ ਰਾਮ ਅਤੇ ਮਨਜੀਤ ਸਿੰਘ ਪੁੱਤਰ ਸਰਦਾਰਾ ਸਿੰਘ, ਦੋਵੇਂ ਵਾਸੀ ਪਿੰਡ ਬਹਿਲੋਲਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਆਪੋ-ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਡੇਰਾ ਬਾਬਾ ਵਡਭਾਗ ਸਿੰਘ, ਹਿਮਾਚਲ ਪ੍ਰਦੇਸ਼ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਆਪਣੇ ਘਰ ਪਰਤ ਰਹੇ ਸਨ।
ਇਸ ਦੌਰਾਨ ਮਨਜੀਤ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀਬੀ 23 ਏ. ਸੀ. 0769 ’ਤੇ ਸਵਾਰ ਹੋ ਕੇ ਉਸ ਤੋਂ ਅੱਗੇ ਜਾ ਰਿਹਾ ਸੀ ਅਤੇ ਅਜੀਤ ਰਾਮ ਉਸ ਦੇ ਮੋਟਰਸਾਈਕਲ ਦੀ ਪਿਛਲੀ ਸੀਟ ’ਤੇ ਬੈਠਾ ਹੋਇਆ ਸੀ। ਜਦਕਿ ਜਸਵਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਸ਼ਾਮ ਕਰੀਬ ਸਵਾ 5 ਵਜੇ ਜਦੋਂ ਉਹ ਪਿੰਡ ਡਾਢੀ ਨੇੜੇ ਪਹੁੰਚੇ ਤਾਂ ਰਸਤਾ ਉਬੜ-ਖਾਬੜ ਹੋਣ ਕਾਰਨ ਮਨਜੀਤ ਸਿੰਘ ਦਾ ਮੋਟਰਸਾਈਕਲ ਸੜਕ ’ਤੇ ਜਾ ਰਹੀ ਇਕ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਕਾਰਨ ਮੋਟਰਸਾਈਕਲ ਦੇ ਪਿੱਛੇ ਬੈਠਾ ਅਜੀਤ ਰਾਮ ਉੱਛਲ ਕੇ ਸੜਕ ਕਿਨਾਰੇ ਲੱਗੀ ਲੋਹੇ ਦੀ ਰੇਲਿੰਗ ਨਾਲ ਟਕਰਾ ਗਿਆ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਦਕਿ ਮਨਜੀਤ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ।
ਘਟਨਾ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਅਜੀਤ ਰਾਮ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਿਜਾਇਆ ਗਿਆ, ਜਿੱਥੇ ਤਾਇਨਾਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਰਸਤਾ ਖ਼ਰਾਬ ਹੋਣ ਕਾਰਨ ਅਚਾਨਕ ਵਾਪਰਿਆ ਹੈ ਅਤੇ ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਉਸ ਨੇ ਕਿਹਾ ਕਿ ਉਹ ਕਿਸੇ ਵੀ ਵਿਅਕਤੀ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ।ਥਾਣਾ ਕੀਰਤਪੁਰ ਸਾਹਿਬ ਤੋਂ ਮਾਮਲੇ ਦੇ ਜਾਂਚ ਅਧਿਕਾਰੀ ਹਵਲਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਰਿਸ਼ਤੇਦਾਰ ਦੇ ਬਿਆਨਾਂ ਦੇ ਆਧਾਰ ’ਤੇ ਬੀਐਨਐਸ ਦੀ ਧਾਰਾ 194 ਤਹਿਤ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ।