ਰੱਖੜ ਪੁੰਨਿਆ ’ਤੇ ਵੱਖ-ਵੱਖ ਪਾਰਟੀਆਂ ਕਰਨਗੀਆਂ ਸਿਆਸੀ ਦਾਅ-ਪੇਚ, ਸਭ ਦੀਆਂ ਨਜ਼ਰਾਂ ਇਸ ਮਹੱਤਵਪੂਰਨ ਮੌਕੇ ’ਤੇ ਟਿਕੀਆਂ

ਰੱਖੜ ਪੁੰਨਿਆ ’ਤੇ ਵੱਖ-ਵੱਖ ਪਾਰਟੀਆਂ ਕਰਨਗੀਆਂ ਸਿਆਸੀ ਦਾਅ-ਪੇਚ, ਸਭ ਦੀਆਂ ਨਜ਼ਰਾਂ ਇਸ ਮਹੱਤਵਪੂਰਨ ਮੌਕੇ ’ਤੇ ਟਿਕੀਆਂ

ਬਾਬਾ ਬਕਾਲਾ ਸਾਹਿਬ ਵਿਖੇ ਅੱਜ ਮਨਾਇਆ ਜਾਣ ਵਾਲਾ ਰੱਖੜ ਪੁੰਨਿਆ ਦਾ ਮੇਲਾ ਬਹੁਤ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਇਸ ਮੇਲੇ 'ਚ ਹਰ ਸਿਆਸੀ ਪਾਰਟੀ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਸਿਆਸੀ ਦਾਅ ਖੇਡਿਆ ਜਾਵੇਗਾ। ਭਾਰਤੀ ਜਨਤਾ ਪਾਰਟੀ ਵਲੋਂ ਵੀ ਮੇਲੇ 'ਚ ਆਪਣੀ ਸਿਆਸੀ ਸਟੇਜ ਤਿਆਰ ਕੀਤੀ ਗਈ ਹੈ। ਭਾਜਪਾ ਵਲੋਂ ਇਸ ਵਾਰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ।

ਦੂਜੇ ਪਾਸੇ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਟੇਜ ਤੇ ਗਰਜਣਗੇ। ਇਸੇ ਤਰ੍ਹਾਂ ਕਾਂਗਰਸ ਦੇ ਅੰਦਰੂਨੀ ਕਲੇਸ਼ ਵਿਚਾਲੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੈਰ ਹਾਜ਼ਰੀ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮੌਜੂਦਗੀ ਕਾਂਗਰਸ ਦੇ ਦੋਹਾਂ ਧੜਿਆਂ ਵਿਚਾਲੇ ਸ਼ਕਤੀ ਪ੍ਰਦਰਸ਼ਨ ਵਜੋਂ ਦੇਖੀ ਜਾ ਰਹੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਰਈਆ ਅਨਾਜ ਮੰਡੀ ਵਿਖੇ ਆਪਣੇ ਸਮਾਗਮ ਨੂੰ ਸੂਬਾ ਪੱਧਰੀ ਕਰਾਰ ਦਿੱਤਾ ਹੈ।

ਇਨ੍ਹਾਂ ਸਿਆਸੀ ਕਾਨਫਰੰਸਾਂ ’ਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਵੀ ਸਾਂਝਾ ਕੀਤਾ ਜਾਵੇਗਾ। ਹਰੇਕ ਪਾਰਟੀ ਪੰਜਾਬ ਪ੍ਰਤੀ ਆਪਣੀਆਂ ਸਿਆਸੀ ਪਿਟਾਰੀਆਂ ਵੀ ਖੋਲ੍ਹਣਗੀਆਂ, ਜਿਨ੍ਹਾਂ ’ਚ ਲੋਕ ਪੱਖੀ ਸਕੀਮਾਂ ਸ਼ਾਮਲ ਹੋਣਗੀਆਂ। ਕਈ ਤਰਾਂ ਦੇ ਵਾਅਦੇ ਤੇ ਦਾਅਵੇ ਵੀ ਕੀਤੇ ਜਾਣਗੇ।