30 ਲੱਖ ਖਰਚ ਕੇ ਆਸਟ੍ਰੇਲੀਆ ਭੇਜੀ ਪਤਨੀ ਨੇ ਦਿੱਤਾ ਧੌਖਾ। 

 30 ਲੱਖ ਖਰਚ ਕੇ ਆਸਟ੍ਰੇਲੀਆ ਭੇਜੀ ਪਤਨੀ ਨੇ ਦਿੱਤਾ ਧੌਖਾ। 

ਸਿਰਸਾ ਹਰਿਆਣਾ ਨਿਵਾਸੀ ਅਰੁਣ ਮੰਗਲਾ ਨੂੰ ਵਿਆਹ ਕਰਵਾ ਕੇ ਆਸਟ੍ਰੇਲੀਆ ਲੈ ਜਾਣ ਦਾ ਝਾਂਸਾ ਦੇ ਕੇ ਪਤਨੀ ਅਤੇ ਉਸਦੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਕਥਿਤ ਮਿਲੀਭੁਗਤ ਕਰ ਕੇ 30 ਲੱਖ 44 ਹਜ਼ਾਰ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਰੁਣ ਮੰਗਲਾ ਨੇ ਕਿਹਾ ਕਿ ਉਹ ਆਪਣਾ ਕਾਰੋਬਾਰ ਕਰਦਾ ਹੈ, ਕਿਸੇ ਵਿਅਕਤੀ ਰਾਹੀਂ ਉਨ੍ਹਾਂ ਦੀ ਜਾਣ ਪਛਾਣ ਰਾਣਾ ਸੰਗਾ ਜਿੰਦਲ ਨਿਵਾਸੀ ਕੋਟਕਪੂਰਾ ਹਾਲ ਅਬਾਦ ਡੇਰਾਬੱਸੀ ਮੋਹਾਲੀ ਦੇ ਨਾਲ 2017 ਵਿਚ ਹੋਈ। ਉਨ੍ਹਾਂ ਸਾਨੂੰ ਕਿਹਾ ਕਿ ਉਨ੍ਹਾਂ ਦੀ ਬੇਟੀ ਤਾਨੀਆਂ ਜਿੰਦਲ ਨੇ ਆਈਲੈਟਸ ਕੀਤੀ ਹੋਈ ਹੈ। ਉਹ ਵਿਆਹ ਕਰਵਾ ਕੇ ਆਸਟ੍ਰੇਲੀਆ ਜਾਣ ਤੋਂ ਬਾਅਦ ਤੈਨੂੰ ਵੀ ਬੁਲਾ ਲਵੇਗੀ ਅਤੇ ਸਾਰਾ ਖਰਚਾ ਤੈਨੂੰ ਕਰਨਾ ਪਵੇਗਾ, ਜਿਸ ’ਤੇ ਅਸੀਂ ਉਨ੍ਹਾਂ ਦੀ ਗੱਲਬਾਤ ਨਾਲ ਸਹਿਮਤ ਹੋ ਕੇ 2017 ਵਿਚ ਹੀ ਮੋਗਾ ਦੇ ਇਕ ਹੋਟਲ ਵਿਚ ਇਕ ਦੁਸਰੇ ਨਾਲ ਗੱਲਬਾਤ ਕਰ ਕੇ ਰਿਸ਼ਤਾ ਤੈਅ ਕਰ ਕੇ ਰੋਕਾ ਕਰ ਲਿਆ।

ਸਾਡਾ ਵਿਆਹ 2017 ਵਿਚ ਹੀ ਕੋਟਕਪੂਰਾ ਵਿਚ ਹੋਇਆ ਅਤੇ ਵਿਆਹ ਤੋਂ ਬਾਅਦ ਅਸੀਂ ਮੈਰਿਜ ਰਜਿਸਟਰਡ ਵੀ ਕੋਟਕਪੂਰਾ ਤੋਂ ਕਰਵਾਈ। ਮੈਂ ਆਪਣੀ ਪਤਨੀ ਤਾਨੀਆ ਜਿੰਦਲ ਦੇ ਆਸਟ੍ਰੇਲੀਆ ਜਾਣ ਦਾ ਸਾਰਾ ਖਰਚਾ ਕੀਤਾ ਅਤੇ ਉਸਦੇ ਕਾਲਜ ਦੀਆਂ ਫੀਸਾਂ ਵੀ ਭਰੀਆਂ। ਮੇਰੀ ਪਤਨੀ ਤਾਨੀਆ 4 ਦਸੰਬਰ 2017 ਨੂੰ ਆਸਟ੍ਰੇਲੀਆ ਚਲੀ ਗਈ। ਮੈਂ ਉਸ ਨੂੰ ਸਮੇਂ-ਸਮੇਂ ’ਤੇ ਪੈਸੇ ਭੇਜਦਾ ਰਿਹਾ ਪਰ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਨੇ ਮੇਰੇ ਨਾਲ ਬੇਵਫਾਈ ਕਰਦੇ ਹੋਏ ਇਕਤਰਫ਼ਾ ਤਲਾਕ ਆਸਟ੍ਰੇਲੀਆ ਵਿਚ ਹੀ ਲੈ ਲਿਆ ਅਤੇ ਮੈਨੂੰ ਦੱਸਿਆ ਤਕ ਨਹੀਂ। ਉਸਨੇ ਕਿਹਾ ਕਿ ਅਸੀਂ 30 ਲੱਖ 44 ਹਜ਼ਾਰ ਰੁਪਏ ਦੇ ਕਰੀਬ ਖਰਚਾ ਕੀਤਾ, ਜਿਸ ਵਿਚ ਕਾਲਜ ਦੀ ਫੀਸ, ਰਹਿਣ ਸਹਿਣ ਦਾ ਪ੍ਰਬੰਧ ਅਤੇ ਹੋਰ ਨਕਦੀ ਆਦਿ ਵੀ ਸ਼ਾਮਲ ਹਨ। ਅਰੁਣ ਮੰਗਲਾ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੇ ਇਕ ਰਿਸ਼ਤੇਦਾਰ ਰਾਹੀਂ ਜੋ ਆਸਟ੍ਰੇਲੀਆ ਰਹਿੰਦਾ ਹੈ ਤੋਂ ਪਤਾ ਲੱਗਾ ਕਿ ਤਾਨੀਆ ਨੇ ਮੈਨੂੰ ਤਲਾਕ ਦੇ ਦਿੱਤਾ ਹੈ, ਜਿਸ ’ਤੇ ਮੈ ਪੰਚਾਇਤੀ ਤੌਰ ’ਤੇ ਆਪਣੀ ਪਤਨੀ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਪਰ ਮੇਰੀ ਸੱਸ ਅਤੇ ਸਹੁਰਾ ਨੇ ਮੇਰੀ ਕੋਈ ਗੱਲ ਨਾ ਸੁਣੀ ਅਤੇ ਇਸ ਤਰ੍ਹਾਂ ਮੇਰੇ ਨਾਲ ਧੋਖਾਦੇਹੀ ਕੀਤੀ ਗਈ।

ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਇਸ ਦੀ ਜਾਂਚ ਐਂਟੀ ਹਿਊਮਨ ਟ੍ਰੈਫਕਿੰਗ ਯੂਨਿਟ ਮੋਗਾ ਨੂੰ ਕਰਨ ਦਾ ਅਦੇਸ਼ ਦਿੱਤਾ, ਜਿਨ੍ਹਾਂ ਜਾਂਚ ਸਮੇਂ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਅਰੁਣ ਮੰਗਲਾ ਦੇ ਦੋਸ਼ ਸਹੀ ਪਾਏ ਜਾਣ ’ਤੇ ਥਾਣਾ ਸਿਟੀ ਮੋਗਾ ਵਿਚ ਉੁਸਦੀ ਪਤਨੀ ਤਾਨੀਆ ਜਿੰਦਲ ਨਿਵਾਸੀ ਕੋਟਕਪੂਰਾ, ਡੇਰਾਬੱਸੀ ਹਾਲ ਸਿਡਨੀ ਆਸਟ੍ਰੇਲੀਆ, ਸਹੁਰਾ ਰਾਣਾ ਸੰਗਾ ਜਿੰਦਲ, ਸੱਸ ਨਿਸ਼ਾ ਜਿੰਦਲ ਨਿਵਾਸੀ ਕੋਟਕਪੂਰਾ ਹਾਲ ਅਬਾਦ ਡੇਰਾਬਸੀ ਮੋਹਾਲੀ ਖਿਲਾਫ਼ ਧੋਖਾਦੇਹੀ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿਚ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।