ਹਰਿਆਣਾ ਦੇ ਪਾਣੀਪਤ ’ਚ ਸ਼ਰਾਰਤੀ ਅਨਸਰਾਂ ਨੇ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਕੇ ਪੱਗ ਉਤਾਰੀ। 

 ਹਰਿਆਣਾ ਦੇ ਪਾਣੀਪਤ ’ਚ ਸ਼ਰਾਰਤੀ ਅਨਸਰਾਂ ਨੇ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਕੇ ਪੱਗ ਉਤਾਰੀ। 

ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਵਿਚ ਸ਼ਰਾਰਤੀ ਅਨਸਰਾਂ ਵਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਕੇ ਪੱਗ ਲਾਹੀ ਗਈ ਜਿਸ ਨੂੰ ਲੈ ਕੇ ਪਾਣੀਪਤ ਦੇ ਸਿੱਖਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ 11 ਨਵੰਬਰ ਸਨਿਚਰਵਾਰ ਨੂੰ ਰਾਤ ਤਕਰੀਬਨ 9 ਵਜੇ ਦੇ ਕਰੀਬ ਸਿੱਖ ਨੌਜਵਾਨ ਗੁਰਦੀਪ ਸਿੰਘ ਪੁੱਤਰ ਬਲਬੀਰ ਸਿੰਘ ਜੋ ਕਿ ਸੈਕਟਰ 13-17 ਦੇ ਪਟਰੌਲ ਪੰਪ ਤੇ ਗਿਆ ਤਾਂ ਤਿੰਨ ਸ਼ਰਾਰਤੀ ਅਨਸਰਾਂ ਵਲੋਂ ਉਸ ਨੂੰ ਰੋਕ ਲਿਆ ਗਿਆ ਅਤੇ ਕਹਿਣ ਲੱਗੇ ਕਿ ਬੋਲ ਹਿੰਦੁਸਤਾਨ ਜ਼ਿੰਦਾਬਾਦ ਜਿਸ ’ਤੇ ਸਿੱਖ ਨੌਜਵਾਨ ਨੇ ਹਿੰਦੁਸਤਾਨ ਜ਼ਿੰਦਾਬਾਦ ਬੋਲ ਦਿਤਾ

ਜਿਸ ਤੋਂ ਬਾਅਦ ਤਿੰਨੋਂ ਸ਼ਰਾਰਤੀ ਅਨਸਰਾਂ ਵਲੋਂ ਗਲਤ ਨਾਅਰੇਬਾਜ਼ੀ ਕਰਨ ਲਈ ਕਿਹਾ ਗਿਆ ਤਾਂ ਸਿੱਖ ਨੌਜਵਾਨ ਬਿਨਾਂ ਕੁੱਝ ਬੋਲੇ ਉਥੋਂ ਨਿਕਲਣਾ ਚਾਹਿਆ ਤਾਂ ਤਿੰਨੋਂ ਨੌਜਵਾਨਾਂ ਨੇ ਸਿੱਖ ਨੌਜਵਾਨ ’ਤੇ ਹਮਲਾ ਕਰ ਦਿਤਾ। ਸਿੱਖ ਨੌਜਵਾਨ ਉਨ੍ਹਾਂ ਕੋਲੋਂ ਅਪਣੀ ਜਾਨ ਬਚਾਉਣ ਲਈ ਕੋਲ ਲਗਦੇ ਠੇਕੇ ਵਿਚ ਵੜ ਗਿਆ ਤਾਂ ਸ਼ਰਾਰਤੀ ਅਨਸਰ ਵੀ ਸਿੱਖ ਨੌਜਵਾਨ ਦੇ ਪਿੱਛੇ ਠੇਕੇ ਵਿਚ ਵੜ ਕੇ ਸਿੱਖ ਨੌਜਵਾਨ ਦੀ ਬੈਲਟਾਂ ਨਾਲ ਕੁੱਟਮਾਰ ਕੀਤੀ ਅਤੇ ਸਿੱਖ ਨੌਜਵਾਨ ਦੀ ਪੱਗ ਲਾਹ ਦਿਤੀ ਜਿਸ ਦੀ ਸ਼ਿਕਾਇਤ ਪਾਣੀਪਤ ਪੁਲਿਸ ਨੂੰ ਦਿਤੀ

ਪਰ ਮਾਮਲੇ ਨੂੰ ਕੋਈ ਖ਼ਾਸ ਤਵੱਜੋ ਨਹੀਂ ਦਿਤੀ ਗਈ। ਜਦਕਿ ਕੁੱਟਮਾਰ ਦੀ ਠੇਕੇ ਵਿਚ ਲੱਗੇ ਕੈਮਰੇ ਦੀ ਸੀਸੀ ਟੀਵੀ ਫੁਟੇਜ ਵਿਚ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਹਨ ਕਿ ਕਿਵੇਂ ਤਿੰਨ ਸ਼ਰਾਰਤੀ ਅਨਸਰ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਰਹੇ ਹਨ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਮੋਹਨਜੀਤ ਸਿੰਘ ਦੀ ਅਗਵਾਈ ਵਿਚ ਸਿੱਖਾਂ ਵਲੋਂ ਇਕੱਠ ਕਰ ਕੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੇ ਪੁਲਿਸ ਪ੍ਰਸ਼ਾਸਨ ਨੇ ਤਿੰਨ ਸ਼ਰਾਰਤੀ ਨੌਜਵਾਨਾਂ ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਹੈ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੋਹਨਜੀਤ ਸਿੰਘ ਨੇ ਦੋਸ਼ ਲਗਾਇਆ ਕੀ ਪੁਲਿਸ ਜਾਣ ਬੁਝ ਕੇ ਕਾਰਵਾਈ ਨਹੀਂ ਕਰ ਰਹੀ, ਮਮੂਲੀ ਧਾਰਾ ਲਗਾ ਕੇ ਮੁਕੱਦਮਾ ਦਰਜ ਕੀਤਾ ਜਦੋਂ ਕਿ ਸਿੱਖ ਦੀ ਪੱਗ ਲਾਹੀ ਗਈ ਹੈ ਅਤੇ ਸਿੱਖ ਭਾਵਨਾ ਦੇ ਨਾਲ ਖਿਲਵਾੜ ਕਰਨ ਦਾ ਮੁਕੱਦਮਾ ਬਣਦਾ ਹੈ। ਪੁਲਿਸ ਪ੍ਰਸ਼ਾਸਨ ਵਲੋਂ ਮਾਮੂਲੀ ਧਾਰਾ ਲਗਾ ਕੇ ਹੀ ਐਫ਼ਆਈਆਰ ਦਰਜ ਕੀਤੀ ਹੈ।

ਜੇਕਰ ਪੁਲਿਸ ਪ੍ਰਸ਼ਾਸਨ ਨੇ ਸਿੱਖ ਭਾਵਨਾ ਨਾਲ ਖਿਲਵਾੜ ਕਰਨ ਦੀ ਧਾਰਾ ਨਾ ਲਗਾਈ ਗਈ ਤਾਂ ਅਸੀਂ ਪਾਣੀਪਤ ਵਿਚ ਇਕ ਵੱਡਾ ਸੰਘਰਸ਼ ਕਰਾਂਗੇ। ਪੁਲਿਸ ਜਾਂਚ ਅਧਿਕਾਰੀ ਪ੍ਰਵੀਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਪੁਲਿਸ ਪ੍ਰਸ਼ਾਸਨ ਨੇ ਤਿੰਨ ਸ਼ਰਾਰਤੀ ਨੌਜਵਾਨਾਂ ’ਤੇ ਮੁਕੱਦਮਾ ਨੰਬਰ 409 ਧਾਰਾ 148, 149, 323, 506 ਤਹਿਤ ਮੁਕੱਦਮਾ ਦਰਜ ਕੀਤਾ ਹੈ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਦੋ ਮੁਲਜ਼ਮਾਂ ਸ਼ਾਲੂ ਅਤੇ ਸਾਸੇਆ ਪੁੱਤਰ ਨਰੇਂਦਰ ਪ੍ਰਸਾਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਜਲਦੀ ਤੀਜੇ ਮੁਲਜ਼ਮ ਨੂੰ ਵੀ ਕਾਬੂ ਕਰ ਕਾਰਵਾਈ ਕੀਤੀ ਜਾਵੇਗੀ।