- Updated: August 29, 2023 09:02 PM
ਮੋਹਾਲੀ ਪੁਲਿਸ ਅਤੇ ਇਕ ਗੈਂਗਸਟਰ ਵਿਚਾਲੇ ਮੁਕਾਬਲੇ ਦੌਰਾਨ ਗੈਂਗਸਟਰ ਨੂੰ ਗੋਲੀ ਵੱਜੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਗੈਂਗਸਟਰ ਅਨਿਲ ਬਿਸ਼ਨੋਈ ਨੂੰ ਕਤਲ ਦੇ ਇਰਾਦੇ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਗਈ ਸੀ। ਇਸ ਮੌਕੇ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ 'ਚ ਮੁਲਜ਼ਮ ਅਨਿਲ ਬਿਸ਼ਨੋਈ ਦੀ ਲੱਤ 'ਤੇ ਗੋਲੀ ਲੱਗੀ ਹੈ। ਪੁਲਿਸ ਨੇ ਉਸ ਨੂੰ ਮੁਹਾਲੀ ਦੇ 6 ਫੇਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਮੁਲਜ਼ਮ ਗੈਂਗਸਟਰ ਦਾ ਸਬੰਧ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਦਸਿਆ ਜਾ ਰਿਹਾ ਹੈ।
ਸੀ.ਆਈ.ਏ. ਨੂੰ ਮੁਲਜ਼ਮ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ’ਤੇ ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ। ਜਦੋਂ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਗੋਲੀਆਂ ਚਲਾ ਦਿਤੀਆਂ। ਮੁਲਜ਼ਮ ਦੇ ਕਬਜ਼ੇ ’ਚੋਂ 30 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ। ਮੁਲਜ਼ਮ ਵਿਰੁਧ ਰਾਜਸਥਾਨ ’ਚ ਇਕ ਅਤੇ ਹਰਿਆਣਾ ’ਚ ਤਿੰਨ ਕੇਸ ਪਹਿਲਾਂ ਹੀ ਦਰਜ ਹਨ। ਮੁਲਜ਼ਮ ਸਿਰਸਾ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ।
ਮਾਮਲੇ ਵਿਚ ਮੋਹਾਲੀ ਪੁਲਿਸ ਦੇ ਡੀਐੱਸਪੀ ਡਿਟੈਕਟਵ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਅਨਿਲ ਬਿਸ਼ਨੋਈ ਜ਼ੀਰਕਪੁਰ ਵਿਚ ਕਿਸੇ ਵਪਾਰੀ ਦੀ ਰੇਕੀ ਕਰਨ ਆਇਆ ਸੀ। ਉਹ ਜੱਗੂ ਭਗਵਾਨਪੁਰੀਆ ਦਾ ਸ਼ਾਰਪ ਸ਼ੂਟਰ ਹੈ। ਇਸ ‘ਤੇ ਰਾਜਸਥਾਨ ਵਿਚ ਇਕ ਤੇ ਹਰਿਆਣਾ ਵਿਚ 3 ਮਾਮਲੇ ਦਰਜ ਹਨ। ਪੁਲਿਸ ਇਸ ਦੇ ਪਿੱਛੇ ਕਈ ਦਿਨਾਂ ਵਿਚ ਲੱਗੀ ਹੋਈ ਸੀ। ਅੱਜ ਜਦੋਂ ਇਸ ਦੀ ਘੇਰਾਬੰਦੀ ਕੀਤੀ ਗਈ ਤਾਂ ਇਸ ਨੂੰ ਸਰੰਡਰ ਕਰਨ ਲਈ ਕਿਹਾ ਸੀ।ਇਸ ਨੇ ਪੁਲਿਸ ਦੀ ਟੀਮ ‘ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ‘ਤੇ ਗੋਲੀ ਲੱਗੀ ਹੈ। ਹੁਣ ਉਸਦੀ ਹਾਲਤ ਠੀਕ ਹੈ। ਮੁਲਜ਼ਮ ਅਨਿਲ ਬਿਸ਼ਨੋਈ, ਅੰਮ੍ਰਿਤਪਾਲ ਬੱਲ ਤੇ ਜੱਗੂ ਭਗਵਾਨਪੁਰੀਆ ਖਿਲਾਫ ਜ਼ੀਰਕਪੁਰ ਥਾਣੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।