- Updated: April 03, 2024 06:33 PM
ਮਾਨਸਾ ਬੱਸ ਅੱਡੇ 'ਚ 2 ਦਿਨ ਪਹਿਲਾਂ ਬੱਚੇ ਦੀ ਮਿਲੀ ਲਾਸ਼ ਦੀ ਗੁੱਥੀ ਮਾਨਸਾ ਪੁਲਿਸ ਨੇ ਸੁਲਝਾਅ ਲਈ ਹੈ। ਕਾਤਲ ਕੋਈ ਹੋਰ ਨਹੀਂ ਸਗੋਂ ਮਾਸੂਮ ਬੱਚੇ ਦੀ ਮਾਂ ਹੀ ਨਿਕਲੀ ਹੈ। ਕਲਯੁਗੀ ਮਾਂ ਨੇ ਹੀ ਆਪਣੇ ਜਿਗਰ ਦੇ ਟੋਟੇ ਦਾ ਕਤਲ ਕੀਤਾ ਹੈ।
ਮਨਮੋਹਨ ਸਿੰਘ ਔਲਖ ਐਸ.ਪੀ. (ਡੀ) ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੰਦੀਪ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਬਿਲਾਸਪੁਰ (ਮੋਗਾ) ਨੇ ਆਪਣੇ ਭਤੀਜੇ ਦੀ ਸ਼ਨਾਖ਼ਤ ਅਗਮਜੋਤ ਸਿੰਘ (7) ਦੱਸਦਿਆਂ ਕਤਲ ਦੇ ਦੋਸ਼ ਆਪਣੀ ਭਰਜਾਈ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਵਾਸੀ ਤਲਵੰਡੀ ਸਾਬੋ 'ਤੇ ਲਗਾਏ।
ਮੁਢਲੀ ਜਾਂਚ 'ਚ ਖ਼ੁਲਾਸਾ ਹੋਇਆ ਕਿ ਮਾਂ ਹੀ ਆਪਣੇ ਬੱਚੇ ਦਾ ਕਤਲ ਕੀਤਾ ਹੈ। ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਸ ਨੇ ਆਪਣੇ ਬੱਚੇ ਨੂੰ ਧਰਤੀ ਹੇਠ ਦਬਾ ਕੇ ਮਾਰ ਦਿੱਤਾ ਸੀ ਤੇ ਜਿਹੜੀ ਵੀ ਬੱਸ ਮਿਲੀ ਉਸ ਵਿਚ ਉਹ ਮਾਨਸਾ ਆ ਗਈ ਤੇ ਬੱਚੇ ਦੀ ਲਾਸ਼ ਨੂੰ ਉਥੇ ਛੱਡ ਕੇ ਫਰਾਰ ਹੋ ਗਈ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਥਿਤ ਦੋਸ਼ਣ ਦਾ ਪਤੀ 3 ਸਾਲ ਤੋਂ ਬਠਿੰਡਾ ਜੇਲ 'ਚ ਬੰਦ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਜ਼ਿੰਦਗੀ ਕਿਸੇ ਹੋਰ ਵਿਅਕਤੀ ਨਾਲ ਬਤੀਤ ਕਰਨਾ ਚਾਹੁੰਦੀ ਸੀ, ਜਿਸ ਨੇ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ਣ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਰਿਮਾਂਡ ਹਾਸਲ ਕਰਕੇ ਗਹਿਰਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।