MP ਦੀ ਪਟਾਕਾ ਫੈਕਟਰੀ ’ਚ ਧਮਾਕੇ ''ਚ 11 ਦੀ ਹੋਈ ਮੌਤ, 90 ਜ਼ਖਮੀ, PM ਮੋਦੀ ਨੇ ਜਤਾਇਆ ਦੁਖ

MP ਦੀ ਪਟਾਕਾ ਫੈਕਟਰੀ ’ਚ ਧਮਾਕੇ ''ਚ 11 ਦੀ ਹੋਈ ਮੌਤ, 90 ਜ਼ਖਮੀ, PM ਮੋਦੀ ਨੇ ਜਤਾਇਆ ਦੁਖ

ਮੱਧ ਪ੍ਰਦੇਸ਼ ਦੇ ਹਰਦਾ ਜ਼ਿਲੇ ਵਿੱਚ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿੱਚ ਮੰਗਲਵਾਰ ਕਈ ਧਮਾਕਿਆਂ ਪਿੱਛੋਂ ਲੱਗੀ ਭਿਆਨਕ ਅੱਗ ਦੌਰਾਨ ਘੱਟੋ-ਘੱਟ 11 ਵਿਅਕਤੀ ਮਾਰੇ ਗਏ ਅਤੇ 90 ਤੋਂ ਵੱਧ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਹਰਦਾ ਦੇ ਬੈਰਾਗੜ੍ਹ ਇਲਾਕੇ ਵਿੱਚ ਮਗਰਧਾ ਰੋਡ ਕੋਲ ਇੱਕ ਰਿਹਾਇਸ਼ੀ ਕਲੋਨੀ ਹੈ। ਇੱਥੇ ਇੱਕ ਨਜਾਇਜ਼ ਪਟਾਕਾ ਫੈਕਟਰੀ ਚੱਲ ਰਹੀ ਸੀ। ਮੰਗਲਵਾਰ ਇਸ ਫੈਕਟਰੀ ’ਚ ਪਹਿਲਾਂ ਕਈ ਧਮਾਕੇ ਹੋਏ । ਫਿਰ ਨਾਲ ਹੀ ਅੱਗ ਲੱਗ ਗਈ। ਅੱਗ ਨੇ ਪਲਾਂ ’ਚ ਹੀ ਭਿਆਨਕ ਰੂਪ ਧਾਰਨ ਲਿਆ। ਅਸਮਾਨ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ। ਕਈ ਲੋਕ ਧੂੰਏਂ ਕਾਰਨ ਬੇਹੋਸ਼ ਹੋ ਗਏ। ਕਈ ਘਰ ਅੱਗ ਦੀ ਲਪੇਟ ’ਚ ਆ ਗਏ। ਅੱਗ ਕਾਰਨ ਕਈ ਘਰਾਂ ਦੀਆਂ ਕੰਧਾਂ ’ਚੋਂ ਇੱਟਾਂ-ਪੱਥਰ ਉੱਛਲ ਕੇ ਗਲੀਆਂ ’ਚੋਂ ਲੰਘਣ ਵਾਲੇ ਲੋਕਾਂ ’ਤੇ ਆ ਕੇ ਡਿੱਗੇ। ਫੈਕਟਰੀ ਦੇ ਅੱਧਾ ਕਿਲੋਮੀਟਰ ਦੇ ਇਲਾਕੇ ’ਚ ਲਾਸ਼ਾਂ ਦੇ ਟੁਕੜੇ ਖਿੱਲਰੇ ਪਏ ਸਨ। ਲੱਤਾਂ ਕਿਤੇ ਪਈਆਂ ਸਨ ਤੇ ਧੜ ਕਿਤੇ ਪਏ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਮਾਕਿਆਂ ’ਚ ਮੌਤਾਂ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ‘ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ’ ’ਚੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਵੱਲੋਂ ‘ਐਕਸ’ ’ਤੇ ਕੀਤੀ ਗਈ ਪੋਸਟ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।