- Updated: February 02, 2026 08:04 PM
ਨਵਜੋਤ ਕੌਰ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਵਜੋਤ ਕੌਰ ਸਿੱਧੂ ਨੂੰ ਲੈ ਕੇ ਸਾਬਕਾ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਗਿਲ਼ੇ ਸ਼ਿਕਵੇ ਹੋ ਜਾਂਦੇ ਨੇ ਪਰ ਇਸ ਦਾ ਰਸਤਾ ਕੱਢਾਂਗੇ। ਘਰ ‘ਚ ਮਸਲਾ ਸਮੇਟਣ ਦੀ ਕੋਸ਼ਿਸ਼ ਕਰਾਂਗੇ।
ਦੱਸ ਦੇਈਏ ਕਿ ਨਵਜੋਤ ਕੌਰ ਸਿੱਧੂ ਵੱਲੋਂ ਬੀਤੇ ਦਿਨੀਂ ਹੀ ਕਾਂਗਰਸ ਛੱਡੀ ਗਈ ਹੈ। ਬਾਕਾਇਦਾ ਉਨ੍ਹਾਂ ਵੱਲੋਂ ਪੋਸਟ ਪਾ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਮਗਰੋਂ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਗਏ ਬਿਆਨਾਂ ‘ਤੇ ਵੀ ਸਾਬਕਾ CM ਚੰਨੀ ਨੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਪਾਰਟੀ ਵੀ ਔਖੀ ਹੈ। ਚੰਨੀ ਦੇ ਬਿਆਨ ਮਗਰੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹੋ ਸਕਦਾ ਹੈ ਕਿ ਚਰਨਜੀਤ ਸਿੰਘ ਚੰਨੀ ਮੈਡਮ ਨਵਜੋਤ ਕੌਰ ਸਿੱਧੂ ਦੀ ਕਾਂਗਰਸ ਵਿਚ ਵਾਪਸੀ ਕਰਾ ਦੇਣ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੀ ਨਵਜੋਤ ਕੌਰ ਸਿੱਧੂ ‘ਤੇ ਤੰਜ ਕੱਸੇ ਗਏ ਸਨ।
ਨਵਜੋਤ ਕੌਰ ਸਿੱਧੂ ਵੱਲੋਂ ਪੋਸਟ ਪਾ ਕੇ ਰਾਜਾ ਵੜਿੰਗ ‘ਤੇ ਵੀ ਨਿਸ਼ਾਨੇ ਸਾਧੇ ਗਏ ਸਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਹੁਣ ਤੱਕ ਦੇ ਕਾਂਗਰਸ ਦੇ ਸਭ ਤੋਂ ਨਾਕਾਬਲ ਤੇ ਭ੍ਰਿਸ਼ਟ ਪ੍ਰਧਾਨ ਹਨ ਤੇ ਛੋਟੇ-ਮੋਟੇ ਫਾਇਦੇ ਲਈ ਉਨ੍ਹਾਂ ਨੇ ਪਾਰਟੀ ਨੂੰ ਵੇਚ ਦਿੱਤਾ ਹੈ। ਰਾਜਾ ਵੜਿੰਗ ਜਿੱਤਣ ਦੀ ਬਜਾਏ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪਾਰਟੀ ਪ੍ਰਤੀ ਈਮਾਨਦਾਰ ਨਾ ਹੋਣ ਲਈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।