ਬਠਿੰਡਾ ਵਿੱਚ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ’ਚ ਮਾਨਸਿਕ ਬਿਮਾਰੀ ਦਾ ਹਵਾਲਾ

ਬਠਿੰਡਾ ਵਿੱਚ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ’ਚ ਮਾਨਸਿਕ ਬਿਮਾਰੀ ਦਾ ਹਵਾਲਾ

ਬਠਿੰਡਾ ਵਿਚ ਰਿੰਗ ਰੋਡ ਕੋਲ ਸਥਿਤ ਪੈਰਿਸ ਸਿਟੀ ਕਾਲੋਨੀ ਨੇੜੇ ਇਕ ਨੌਜਵਾਨ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਵਿਰਾਟ ਗ੍ਰੀਨ ਕਾਲੋਨੀ ਵਾਸੀ ਦਲਵੀਰ ਸਿੰਘ ਵਜੋਂ ਹੋਈ ਹੈ ਜੋ ਕੋਆਪ੍ਰੇਟਿਵ ਸੁਸਾਇਟੀ ਵਿਚ ਇੰਸਪੈਕਟਰ ਦੇ ਅਹੁਦੇ ‘ਤੇ ਤਾਇਨਾਤ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੈਨਾਲ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗੇ ਦੀ ਕਾਰਵਾਈ ਸ਼ੁਰੂ ਕੀਤੀ। ਪੁਲਿਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿਚ ਮ੍ਰਿਤਕ ਨੇ ਆਪਣੀ ਖੁਦਕੁਸ਼ੀ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਦੱਸਿਆ ਹੈ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਦਲਵੀਰ ਸਿੰਘ ਕੁਝ ਸਮੇਂ ਤੋਂ ਮਾਨਸਿਕ ਬੀਮਾਰੀ ਤੋਂ ਪੀੜਤ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ। ਪੁਲਿਸ ਨੇ 194 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੈਨਾਲ ਪੁਲਿਸ ਨੂੰ ਪੈਰਿਸ ਸਿਟੀ ਕਾਲੋਨੀ ਕੋਲ ਖੜ੍ਹੀ ਕਾਰ ਵਿਚ ਨੌਜਵਾਨ ਦੀ ਲਾਸ਼ ਹੋਣ ਦੀ ਖਬਰ ਮਿਲੀ ਸੀ। ਮੌਕੇ ‘ਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਨੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਪੁਲਿਸ ਨੂੰ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿਚ ਮਾਨਸਿਕ ਬੀਮਾਰੀ ਦਾ ਵੀ ਜ਼ਿਕਰ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।