ਡਾਇਮੰਡ ਲੀਗ 2023 : ਨੀਰਜ ਚੋਪੜਾ ਨੇ ਮੁੜ ਰਚਿਆ ਇਤਿਹਾਸ, 87.66 ਮੀਟਰ ਥਰੋਅ ਸੁੱਟ ਕੇ ਜਿੱਤਿਆ ਗੋਲਡ

ਡਾਇਮੰਡ ਲੀਗ 2023 : ਨੀਰਜ ਚੋਪੜਾ ਨੇ ਮੁੜ ਰਚਿਆ ਇਤਿਹਾਸ, 87.66 ਮੀਟਰ ਥਰੋਅ ਸੁੱਟ ਕੇ ਜਿੱਤਿਆ ਗੋਲਡ

ਸੱਟ ਕਾਰਨ ਇਕ ਮਹੀਨੇ ਬਾਅਦ ਵਾਪਸੀ ਕਰ ਰਹੇ ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਖਿਡਾਰੀ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ 2023 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਉਸ ਨੇ 87.66 ਮੀਟਰ ਤਕ ਜੈਵਲਿਨ ਸੁੱਟ ਕੇ ਲਗਾਤਾਰ ਦੂਜੀ ਵਾਰ ਪੋਡੀਅਮ ’ਤੇ ਜਗ੍ਹਾ ਬਣਾਈ। ਭਾਰਤ ਦੇ 25 ਸਾਲਾ ਚੋਪੜਾ ਨੇ 5 ਮਈ ਨੂੰ ਡਾਇਮੰਡ ਲੀਗ ਦੇ ਦੋਹਾ ਗੇੜ ਵਿਚ ਸ਼ਾਨਦਾਰ ਸ਼ੁਰੂਆਤ ਕਰਕੇ ਕਰੀਅਰ ਦੀ ਸਰਵਸ੍ਰੇਸ਼ਠ 88.67 ਮੀਟਰ ਦੀ ਥ੍ਰੋਅ ਸੁੱਟੀ ਪਰ ਉਸ ਤੋਂ ਬਾਅਦ ਉਸਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਸੀ। ਜਰਮਨੀ ਦਾ ਜੂਲੀਅਨ ਵੇਬਰ 87.03 ਮੀਟਰ ਦੀ ਥ੍ਰੋਅ ਨਾਲ ਦੂਜੇ ਸਥਾਨ ’ਤੇ ਰਿਹਾ।

ਨੀਰਜ ਦੀ ਪਹਿਲੀ ਕੋਸ਼ਿਸ਼ ਨੂੰ ਅਯੋਗ ਮੰਨਿਆ ਗਿਆ। ਜਰਮਨੀ ਦੇ ਜੂਲੀਅਨ ਵੈਬਰ ਨੇ 86.20 ਮੀਟਰ ਥ੍ਰੋਅ ਨਾਲ ਲੀਡ ਹਾਸਲ ਕੀਤੀ। ਪਹਿਲੇ ਦੌਰ ਦੇ ਅੰਤ 'ਤੇ ਨੀਰਜ ਚੋਟੀ ਦੇ ਤਿੰਨ ਐਥਲੀਟਾਂ 'ਚ ਵੀ ਨਹੀਂ ਸੀ। ਆਪਣੀ ਦੂਜੀ ਕੋਸ਼ਿਸ਼ ਵਿਚ ਨੀਰਜ ਨੇ 83.52 ਮੀਟਰ ਦਾ ਥ੍ਰੋਅ ਸੁੱਟਿਆ। ਹਾਲਾਂਕਿ, ਰਾਊਂਡ ਦੋ ਦੇ ਅੰਤ ਵਿਚ ਜੂਲੀਅਨ ਅਜੇ ਵੀ ਬੜ੍ਹਤ ਵਿਚ ਸੀ। ਨੀਰਜ ਨੇ ਆਪਣੀ ਰੈਂਕਿੰਗ 'ਚ ਸੁਧਾਰ ਦਿਖਾਇਆ ਤੇ ਤੀਜੇ ਨੰਬਰ 'ਤੇ ਪਹੁੰਚ ਗਿਆ।

                    Image

ਨੀਰਜ ਨੇ ਤੀਜੀ ਕੋਸ਼ਿਸ਼ 'ਚ 85.02 ਮੀਟਰ ਦੀ ਥ੍ਰੋਅ ਨਾਲ ਦੂਜਾ ਨੰਬਰ ਹਾਸਲ ਕੀਤਾ। ਤੀਜੇ ਦੌਰ ਦੇ ਅੰਤ 'ਚ ਉਹ ਦੂਜੇ ਨੰਬਰ 'ਤੇ ਸੀ। ਜੂਲੀਅਨ ਨੇ ਅਜੇ ਵੀ 86.20 ਮੀਟਰ ਥਰੋਅ ਨਾਲ ਬੜ੍ਹਤ ਬਣਾਈ ਹੋਈ ਸੀ। ਭਾਰਤੀ ਐਥਲੀਟ ਦੀ ਚੌਥੀ ਕੋਸ਼ਿਸ਼ ਨੂੰ ਅਵੈਧ ਮੰਨਿਆ ਗਿਆ। ਹਾਲਾਂਕਿ ਚੌਥੇ ਗੇੜ ਦੇ ਅੰਤ 'ਚ ਨੀਰਜ ਦੂਜੇ ਨੰਬਰ 'ਤੇ ਸੀ। 

ਨੀਰਜ ਦੀ 'ਗੋਲਡਨ ਆਰਮ' ਨੇ ਪੰਜਵੀਂ ਕੋਸ਼ਿਸ਼ 'ਚ 87.66 ਮੀਟਰ ਦੀ ਥ੍ਰੋਅ ਹਾਸਲ ਕਰਕੇ ਆਪਣਾ ਜਾਦੂ ਕੀਤਾ। ਇਸ ਨਾਲ ਉਹ ਪਹਿਲੇ ਨੰਬਰ 'ਤੇ ਪਹੁੰਚ ਗਿਆ। ਛੇਵੇਂ ਅਤੇ ਆਖ਼ਰੀ ਯਤਨ ਵਿਚ ਨੀਰਜ ਨੇ 84.15 ਮੀਟਰ ਦਾ ਥ੍ਰੋਅ ਸੁੱਟਿਆ। ਜੁਲੀਅਨ 87.03 ਮੀਟਰ ਦੀ ਥ੍ਰੋਅ ਨਾਲ ਦੂਜੇ ਸਥਾਨ 'ਤੇ ਰਹਿ ਗਿਆ ਤੇ ਇਸ ਤਰ੍ਹਾਂ 87.66 ਮੀਟਰ ਦੀ ਥ੍ਰੋਅ ਨਾਲ ਨੀਰਜ ਨੇ ਇਹ ਖ਼ਿਤਾਬ ਜਿੱਤ ਲਿਆ। 86.13 ਮੀਟਰ ਥ੍ਰੋਅ ਨਾਲ ਚੈੱਕ ਗਣਰਾਜ ਦਾ ਜੈਕਬ ਵਡਲੇਚ ਤੀਜੇ ਸਥਾਨ 'ਤੇ ਰਿਹਾ।