ਜਲੰਧਰ ਦੇ PNB ਬੈਂਕ ’ਚ ਹੋਈ ਲੁੱਟ ਦੇ ਮਾਮਲੇ ''ਚ ਸਾਬਕਾ DSP ਦੇ ਪੁੱਤ ਦਾ ਸਾਥੀ ਹੋਇਆ ਗ੍ਰਿਫ਼ਤਾਰ

ਜਲੰਧਰ ਦੇ PNB ਬੈਂਕ ’ਚ ਹੋਈ ਲੁੱਟ ਦੇ ਮਾਮਲੇ ''ਚ ਸਾਬਕਾ DSP ਦੇ ਪੁੱਤ ਦਾ ਸਾਥੀ ਹੋਇਆ ਗ੍ਰਿਫ਼ਤਾਰ

ਕੁੱਕੀ ਢਾਬ ਨੇੜੇ ਪੀ. ਐੱਨ. ਬੀ. ਬੈਂਕ ’ਚ ਵੜ ਕੇ ਦਿਨ-ਦਿਹਾੜੇ ਗੰਨ ਪੁਆਇੰਟ ’ਤੇ ਲੁੱਟ ਕਰਨ ਵਾਲੇ ਦੂਜੇ ਲੁਟੇਰੇ ਨੂੰ ਵੀ ਕ੍ਰਾਈਮ ਬ੍ਰਾਂਚ ਅਤੇ ਥਾਣਾ ਨੰਬਰ 7 ਦੀ ਪੁਲਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹੀ ਮੁਲਜ਼ਮ ਸੀ. ਸੀ. ਟੀ. ਵੀ. ਕੈਮਰੇ ’ਚ ਲਿਫ਼ਾਫ਼ੇ ’ਚ ਕੈਸ਼ ਪਾਉਂਦਾ ਵਿਖਾਈ ਦਿੱਤਾ ਸੀ। ਮੁਲਜ਼ਮ ਕੋਲੋਂ ਪੁਲਸ ਕੁਝ ਕੈਸ਼ ਬਰਾਮਦ ਕਰ ਚੁੱਕੀ ਹੈ, ਜਦਕਿ ਬਾਕੀ ਦੀ ਰਕਮ ਬਰਾਮਦ ਕਰਨ ਲਈ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਨਿਵਾਸੀ ਗ੍ਰੀਨ ਮਾਡਲ ਟਾਊਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਤਿੰਨ ਲੱਖ ਰੁਪਏ, ਵਾਰਦਾਤ ’ਚ ਵਰਤੀ ਗਈ ਲਾਇਸੈਂਸੀ ਰਿਵਾਲਵਰ, ਗੋਲ਼ੀਆਂ ਅਤੇ ਐਕਟਿਵਾ ਬਰਾਮਦ ਕਰ ਲਈ ਗਈ ਸੀ ਪਰ ਉਸ ਦਾ ਨੌਕਰ ਦੀਪਕ ਉਰਫ਼ ਦੀਪਾ ਪੁੱਤਰ ਸੁਰਜੀਤ ਪਾਲ ਨਿਵਾਸੀ ਆਬਾਦਪੁਰਾ ਬਾਕੀ ਦਾ ਕੈਸ਼ ਲੈ ਕੇ ਸ਼ਹਿਰ ਛੱਡ ਚੁੱਕਾ ਸੀ। ਉਨ੍ਹਾਂ ਕਿਹਾ ਕਿ ਦੀਪਾ ਨੂੰ ਗ੍ਰਿਫ਼ਤਾਰ ਕਰਨ ਲਈ ਕ੍ਰਾਈਮ ਬ੍ਰਾਂਚ ਅਤੇ ਥਾਣਾ 7 ਦੀ ਪੁਲਸ ਲਗਾਤਾਰ ਇਨਪੁੱਟ ਜੁਟਾ ਰਹੀ ਸੀ, ਜਿਸ ਤੋਂ ਬਾਅਦ ਪੁਲਸ ਟੀਮਾਂ ਨੇ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਕੁਝ ਨਕਦੀ ਮਿਲੀ ਹੈ ਅਤੇ ਜਲਦ ਹੀ ਬਾਕੀ ਦੀ ਰਕਮ ਵੀ ਬਰਾਮਦ ਕਰ ਲਈ ਜਾਵੇਗੀ।

ਜ਼ਿਕਰਯੋਗ ਹੈ ਕਿ 6 ਅਪ੍ਰੈਲ ਨੂੰ ਦਿਨ-ਦਿਹਾੜੇ ਕੁੱਕੀ ਢਾਬ ਰੋਡ ’ਤੇ ਐਕਟਿਵਾ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਅੰਦਰ ਵੜ ਕੇ ਮਹਿਲਾ ਕੈਸ਼ੀਅਰ ਨੂੰ ਪਿਸਤੌਲ ਦੀ ਨੋਕ ’ਤੇ ਲੈ ਕੇ ਕਰੀਬ ਸਾਢੇ 6 ਲੱਖ ਰੁਪਏ ਲੁੱਟ ਲਏ ਸਨ। ਪੁਲਸ ਨੇ 24 ਘੰਟਿਆਂ ਤੋਂ ਪਹਿਲਾਂ ਹੀ ਮਾਮਲਾ ਸੁਲਝਾਉਂਦਿਆਂ ਸਾਬਕਾ ਡੀ. ਐੱਸ. ਪੀ. ਦੇ ਪੁੱਤਰ ਸਿਮਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਨਸ਼ੇ ਦਾ ਆਦੀ ਸੀ, ਜਿਸ ਨੇ ਆਪਣੇ ਪੁਰਾਣੇ ਨੌਕਰ ਦੀਪਾ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।