- Updated: April 16, 2026 11:56 AM
ਅਮਰੀਕਾ-ਈਰਾਨ ਜੰਗ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ। ਅਮਰੀਕਾ ਅਤੇ ਈਰਾਨ ਸ਼ਾਂਤੀ ਸਮਝੌਤੇ ਨੇੜੇ ਪਹੁੰਚੇ ਹਨ। ਅਮਰੀਕੀ ਮੀਡੀਆ ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਅੱਗੇ ਵੱਧ ਰਹੀ ਹੈ। 21 ਅਪ੍ਰੈਲ ਨੂੰ ਸੀਜ਼ਫਾਇਰ ਖਤਮ ਹੋਣ ਤੋਂ ਪਹਿਲਾਂ ਸਮਝੌਤੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਵਿਚ ਤੇਹਰੀਨ ਵਿਚ ਈਰਾਨੀ ਅਧਿਕਾਰੀਆਂ ਤੇ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਦੇ ਵਿਚ ਅਹਿਮ ਬੈਠਕ ਹੋਵੇਗੀ। ਮੁਨੀਰ ਪਹਿਲਾਂ ਹੀ ਈਰਾਨ ਪਹੁੰਚ ਕੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਮੁਲਾਕਾਤ ਕਰ ਚੁੱਕੇ ਹਨ ਤੇ ਉਹ ਅਮਰੀਕੀ ਸੰਦੇਸ਼ ਲੈ ਕੇ ਗਏ ਹਨ। ਪਾਕਿਸਤਾਨ, ਮਿਸਰ ਤੇ ਤੁਰਕੀ ਵਿਚੋਲਗੀ ਦੀ ਭੂਮਿਕਾ ਨਿਭਾ ਰਹੇ ਹਨ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਜੇਡੀ ਵੇਂਸ, ਸਟੀਵ ਵਿਟਕਾਫ ਤੇ ਜੇਰੇਡ ਕੁਸ਼ਨਰ ਨਾਲ ਮਿਲ ਕੇ ਗੱਲਬਾਤ ਤੇ ਡਰਾਫਟ ਪ੍ਰਸਤਾਵ ਸਾਂਝਾ ਕਰ ਰਹੇ ਹਨ।
ਅਧਿਕਾਰੀਆਂ ਮੁਤਾਬਕ ਡੀਲ ਲਈ ਸੀਜ਼ਫਾਇਰ ਨੂੰ ਵਧਾਇਆ ਜਾ ਸਕਦਾ ਹੈ। ਹਾਲਾਂਕਿ ਅਮਰੀਕਾ ਨੇ ਕੋਈ ਅਧਿਕਾਰਕ ਸਹਿਮਤੀ ਨਹੀਂ ਦਿੱਤੀ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰਮੁਜ਼ ਸਟ੍ਰੇਟ ਵਿਚ ਟਰੰਪ ਦੀ ਨਾਕੇਬੰਦੀ ਤੇ ਆਰਥਿਕ ਦਬਾਅ ਦੇ ਕਾਰਨ ਈਰਾਨ ‘ਤੇ ਸਮਝੌਤੇ ਦਾ ਦਬਾਅ ਵਧ ਰਿਹਾ ਹੈ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਨਾਕੇਬੰਦੀ ਦੇ ਬਾਅਦ ਪਿਛਲੇ 48 ਘੰਟਿਆਂ ਵਿਚ ਕੋਈ ਵੀ ਜਹਾਜ਼ ਈਰਾਨੀ ਬੰਦਰਗਾਹਾਂ ਤੱਕ ਨਹੀਂ ਪਹੁੰਚਿਆ। ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਇਸ ਦੌਰਾਨ 9 ਜਹਾਜ਼ਾਂ ਨੂੰ ਵਾਪਸ ਭੇਜ ਦਿੱਤਾ ਗਿਆ।
ਈਰਾਨ ਰੋਜ਼ਾਨਾ ਲਗਭਗ 15 ਲੱਖ ਬੈਰਲ ਤੇਲ ਨਿਰਯਾਤ ਕਰਦਾ ਹੈ। ਇਸ ਨਾਲ ਉਸ ਨੂੰ ਲਗਭਗ 140 ਮਿਲੀਅਨ ਡਾਲਰ ਦੀ ਆਮਦਨ ਹੁੰਦੀ ਹੈ ਪਰ ਨਾਕਾਬੰਦੀ ਨਾਲ ਇਸ ਕਮਾਈ ‘ਤੇ ਅਸਰ ਪੈ ਸਕਦਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਜੇਕਰ ਈਰਾਨ ਤੇਲ ਨਿਰਯਾਤ ਨਹੀਂ ਕਰ ਸਕਿਆ ਤਾਂ ਉਸ ਨੂੰ ਉਤਪਾਦਨ ਰੋਕਣਾ ਪੈ ਸਕਦਾ ਹੈ ਜਿਸ ਨਾਲ ਆਰਥਿਕ ਨੁਕਸਾਨ ਹੋਵੇਗਾ। ਯੁੱਧ ਤੋਂ ਪਹਿਲਾਂ ਵੀ ਈਰਾਨ ਦੀ ਅਰਥਵਿਵਸਥਾ ਪ੍ਰਤੀਬੰਧਾਂ ਕਾਰਨ ਦਬਾਅ ਵਿਚ ਸੀ ਪਰ ਹੁਣ ਹਾਲਾਤ ਹੋਰ ਵਿਗੜ ਗਏ ਹਨ।