- Updated: June 21, 2024 08:11 AM
ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫ਼ੋਰਡ ’ਚ ਹੁਣ ਇਕ ਨਵਾਂ ਖ਼ਾਲਸਾ ਐਲੀਮੈਂਟਰੀ ਸਕੂਲ, ਪੋਸਟ ਸੈਕੰਡਰੀ ਸੰਸਥਾਨ ਤੇ ਡੇਅ-ਕੇਅਰ ਖੁੱਲ੍ਹਣ ਜਾ ਰਿਹਾ ਹੈ। ਨਵਾਂ ਖ਼ਾਲਸਾ ਸਕੂਲ ਡਾਊਨਜ਼ ਤੇ ਗਲੈਡਵਿਨ ਸੜਕਾਂ ਦੇ ਉਤਰ-ਪਛਮੀ ਕੋਨੇ ’ਚ ਖੁਲ੍ਹਣ ਜਾ ਰਿਹਾ ਹੈ। ਨਗਰ ਕੌਂਸਲ ਨੇ ਇਸ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇ ਦਿਤੀ ਹੈ।
ਸ਼ਹਿਰ ਦੇ ਅਠ ਕੌਂਸਲਰਾਂ ’ਚੋਂ ਚਾਰ ਨੇ ਇਸ ਸਕੂਲ ਦੇ ਹੱਕ ’ਚ ਤੇ ਚਾਰ ਨੇ ਇਸ ਦੇ ਵਿਰੁਧ ਵੋਟਾਂ ਪਾਈਆਂ ਸਨ। ਇਸੇ ਲਈ ਮੇਅਰ ਰੌਸ ਸਾਈਮਨਜ਼ ਨੂੰ ਵੋਟ ਪਾ ਕੇ ਖ਼ਾਲਸਾ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਦਿਤੀ। ਇਸ ਸਕੂਲ ’ਚ 500 ਵਿਦਿਆਰਥੀਆਂ ਦੇ ਬੈਠ ਕੇ ਪੜ੍ਹਨ ਦੀ ਸਮਰਥਾ ਹੋਵੇਗੀ ਅਤੇ ਇਹ ਆਲਡਰਗ੍ਰੋਵ ’ਚ 62ਵੇਂ ਐਵੇਨਿਊ ’ਚ ਪਹਿਲਾਂ ਤੋਂ ਚਲ ਰਹੇ ਫ਼ਰੇਜ਼ਰ ਵੈਲੀ ਦੇ ਖ਼ਾਲਸਾ ਸਕੂਲ ਦੀ ਜਗ੍ਹਾ ਲਵੇਗਾ। ਉਥੇ ਇਸ ਸਕੂਲ ਲਈ ਜਗ੍ਹਾ ਕੁਝ ਘਟ ਸੀ।
ਨਵੇਂ ਸਕੂਲ ’ਚ ਨਵਾਂ ਚਾਈਲਡ-ਕੇਅਰ ਸੈਂਟਰ ਵੀ ਹੋਵੇਗਾ, ਜਿਥੇ ਦਿਨ ਵੇਲੇ 94 ਬੱਚਿਆਂ ਦੀ ਦੇਖਭਾਲ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਨਵੇਂ ਖ਼ਾਲਸਾ ਸਕੂਲ ’ਚ ਹੀ 1,253 ਵਰਗ ਮੀਟਰ (13,494 ਵਰਗ ਫ਼ੁਟ) ਰਕਬੇ ’ਚ ਪੋਸਟ-ਸੈਕੰਡਰੀ ਸੁਵਿਧਾ ਵੀ ਮੌਜੂਦ ਰਹੇਗੀ। ਨਗਰ ਕੌਂਸਲ ’ਚ ਜਨਤਕ ਸੁਣਵਾਈ ਦੌਰਾਨ ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਜਪਨਾਮ ਮਲਿਕ ਮੌਜੂਦ ਰਹੇ। ਉਨ੍ਹਾਂ ਸੁਣਵਾਈ ਦੌਰਾਨ ਅਧਿਕਾਰੀਆਂ ਨੂੰ ਦਸਿਆ ਕਿ ਖ਼ਾਲਸਾ ਸਕੂਲ ਇਸ ਵੇਲੇ ਆਲਡਰਗ੍ਰੋਵ ਕੈਂਪਸ ’ਚ ਜਿਥੇ ਚਲ ਰਿਹਾ ਹੈ, ਉਥੇ 90 ਫ਼ੀ ਸਦੀ ਬੱਚੇ ਐਬਟਸਫ਼ੋਰਡ ਤੋਂ ਹੀ ਆਉਂਦੇ ਹਨ।