NIA ਦੀ ਖ਼ਾਲਸਾ ਏਡ ਦੇ ਪਟਿਆਲਾ ਦਫ਼ਤਰ ਅਤੇ ਏਸ਼ੀਆ ਪ੍ਰਧਾਨ ਅਮਰਪ੍ਰੀਤ ਸਿੰਘ ਦੇ ਘਰ ਚ ਛਾਪੇਮਾਰੀ

NIA ਦੀ ਖ਼ਾਲਸਾ ਏਡ ਦੇ ਪਟਿਆਲਾ ਦਫ਼ਤਰ ਅਤੇ ਏਸ਼ੀਆ ਪ੍ਰਧਾਨ ਅਮਰਪ੍ਰੀਤ ਸਿੰਘ ਦੇ ਘਰ ਚ ਛਾਪੇਮਾਰੀ

ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀਆਂ ਟੀਮਾਂ ਵਲੋਂ ਪੰਜਾਬ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕੌਮਾਂਤਰੀ ਪਧਰ ਦੀ ਸਮਾਜਸੇਵੀ ਸੰਸਥਾ ਖ਼ਾਲਸਾ ਏਡ ਦੇ ਪਟਿਆਲਾ ਸਥਿਤ ਦਫ਼ਤਰ ਅਤੇ ਸੰਸਥਾ ਦੇ ਏਸ਼ੀਆ ਪ੍ਰਧਾਨ ਅਮਰਪ੍ਰੀਤ ਸਿੰਘ ਦੇ ਘਰ ਵੀ ਜਾਂਚ ਲਈ ਏਜੰਸੀ ਦੀਆਂ ਟੀਮਾਂ ਪਹੁੰਚੀਆਂ। ਦਸਿਆ ਜਾ ਰਿਹਾ ਹੈ ਕਿ ਟੀਮਾਂ ਨੇ ਸਵੇਰੇ 5.30 ਵਜੇ ਤੋਂ 10:30 ਵਜੇ ਤਕ ਜਾਂਚ ਕੀਤੀ।

           Image

ਇਸ ਦੀ ਪੁਸ਼ਟੀ ਕਰਦੇ ਹੋਏ ਖਾਲਸਾ ਏਡ ਦੇ ਵਾਲੰਟੀਅਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐੱਨ. ਆਈ. ਏ. ਦੀ ਟੀਮ ਸਵੇਰੇ 5 ਵਜੇ ਪਟਿਆਲਾ ਪਹੁੰਚੀ। ਟੀਮ ਪਹਿਲਾਂ ਘਰ ਵਿਖੇ ਅਤੇ ਬਾਅਦ ਵਿਚ ਦਫਤਰ ਵਿਖੇ ਪਹੁੰਚੀ। ਜਿਸ ਤੋਂ ਬਾਅਦ ਕਈ ਘੰਟੇ ਤਕ ਕੌਮੀ ਜਾਂਚ ਏਜੰਸੀ ਨੇ ਜਾਂਚ ਕੀਤੀ।ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਜਾਂਚ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਸ ਜਾਂਚ ਸਬੰਧੀ ਅਮਰਪ੍ਰੀਤ ਸਿੰਘ ਜਾਣਕਾਰੀ ਸਾਂਝੀ ਕਰਨਗੇ।

ਦੱਸ ਦੇਈਏ ਕਿ ਪੰਜਾਬ ਵਿਚ ਬੀਤੇ ਦਿਨੀਂ ਲਗਾਤਾਰ ਹੋਈ ਭਾਰੀ ਬਾਰਸ਼ ਦੇ ਚਲਦਿਆਂ ਆਏ ਹੜ੍ਹ ਕਾਰਨ ਬਹੁਤ ਲੋਕ ਘਰੋਂ ਬੇਘਰ ਹੋ ਗਏ। ਇਸ ਦੇ ਚਲਦਿਆਂ ਖ਼ਾਲਸਾ ਏਡ ਦੇ ਸੇਵਾਦਾਰ ਬਿਨਾਂ ਕਿਸੇ ਭੇਦ ਭਾਵ ਦੇ ਅਣਥੱਕ ਸੇਵਾਵਾਂ ਨਿਭਾਉਂਦਿਆਂ ਬੁਨਿਆਦੀ ਸਹੂਲਤਾਂ ਜੁਟਾਉਣ ਵਿਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਦੁਨੀਆਂ ਭਰ ਵਿਚ ਖ਼ਾਲਸਾ ਏਡ ਵਲੋਂ ਸੇਵਾਵਾਂ ਜਾਰੀ ਹਨ।