NIA ਦਾ ਪਾਕਿਸਤਾਨੀ ਅੱਤਵਾਦੀ ਸ਼ਹਿਜਾਦ ਭੱਟੀ ''ਤੇ ਵੱਡਾ ਐਕਸ਼ਨ, ਇਸ ਵੇਲੇ ਬ੍ਰਾਜ਼ੀਲ ''ਚ ਲੁਕਿਆ

NIA ਦਾ ਪਾਕਿਸਤਾਨੀ ਅੱਤਵਾਦੀ ਸ਼ਹਿਜਾਦ ਭੱਟੀ ''ਤੇ ਵੱਡਾ ਐਕਸ਼ਨ, ਇਸ ਵੇਲੇ ਬ੍ਰਾਜ਼ੀਲ ''ਚ ਲੁਕਿਆ

ਪਾਕਿਸਤਾਨੀ ਅੱਤਵਾਦੀ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਹਿਜ਼ਾਦ ਭੱਟੀ ਦੇ ਖ਼ਿਲਾਫ਼ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਨਵਦੀਪ ਸਿੰਘ ਉਰਫ਼ ਰੋਜਰ ਸੰਧੂ ਦੇ ਘਰ 'ਤੇ ਗ੍ਰਨੇਡ ਹਮਲੇ ਦੇ ਮਾਮਲੇ 'ਚ ਐੱਨ. ਆਈ. ਏ. ਮੋਹਾਲੀ ਦੀ ਸਪੈਸ਼ਲ ਕੋਰਟ ਨੇ ਭੱਟੀ ਖ਼ਿਲਾਫ਼ ਓਪਨ-ਡੇਟਿਡ ਗੈਰ-ਜ਼ਮਾਨਤੀ ਵਾਰੰਟ (ਐੱਨ. ਬੀ. ਡਬਲਿਊ) ਜਾਰੀ ਕੀਤੇ ਹਨ।

ਅਦਾਲਤ ਨੇ ਮੰਨਿਆ ਕਿ ਮੁਲਜ਼ਮ ਲਗਾਤਾਰ ਫ਼ਰਾਰ ਚੱਲਿਆ ਆ ਰਿਹਾ ਹੈ। ਉਸ ਦੇ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੂੰ ਸੰਮਨ ਜਾਂ ਜ਼ਮਾਨਤੀ ਵਾਰੰਟ ਰਾਹੀਂ ਅਦਾਲਤ 'ਚ ਪੇਸ਼ ਕਰਨਾ ਸੰਭਵ ਨਹੀਂ ਹੈ। ਐੱਨ. ਆਈ. ਏ. ਨੂੰ ਮਿਲੀ ਸੂਚਨਾ ਮੁਤਾਬਕ ਸ਼ਹਿਜ਼ਾਦ ਭੱਟੀ ਫਿਲਹਾਲ ਬ੍ਰਾਜ਼ੀਲ 'ਚ ਲੁਕਿਆ ਹੋਇਆ ਹੈ ਅਤੇ ਉੱਥੋਂ ਹੀ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਹੈ।

ਕਾਨੂੰਨੀ ਮਾਹਿਰਾਂ ਮੁਤਾਬਕ ਇਸ (ਐੱਨ. ਬੀ. ਡਬਲਿਊ) ਦੇ ਆਧਾਰ 'ਤੇ ਅੱਗੇ ਇੰਟਰਪੋਲ ਤੋਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਅਤੇ ਹਵਾਲਗੀ (ਐਕਸਟਰਾਡੀਸ਼ਨ) ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਵਾਰੰਟ ਮੁਲਜ਼ਮ ਦੀ ਗ੍ਰਿਫ਼ਤਾਰੀ ਤੱਕ ਜਾਰੀ ਰਹੇਗਾ। ਇਹ ਵਾਰੰਟ ਪਾਕਿਸਤਾਨੀ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਖ਼ਿਲਾਫ਼ ਵੀ ਜਾਰੀ ਹੋ ਚੁੱਕਾ ਹੈ।