ਟਰੰਪ ਤੇ ਬਾਈਡੇਨ ’ਤੇ ਨਿੱਕੀ ਹੈਲੀ ਨੇ ‘ਖੜੂਸ ਬੁੱਢੇ’ ਕਹਿ ਕੇ ਵਿਨ੍ਹਿਆ ਨਿਸ਼ਾਨਾ

ਟਰੰਪ ਤੇ ਬਾਈਡੇਨ ’ਤੇ ਨਿੱਕੀ ਹੈਲੀ ਨੇ ‘ਖੜੂਸ ਬੁੱਢੇ’ ਕਹਿ ਕੇ ਵਿਨ੍ਹਿਆ ਨਿਸ਼ਾਨਾ

ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਬਣਨ ਦੀ ਭਾਰਤੀ ਅਮਰੀਕੀ ਦਾਅਵੇਦਾਰ ਨਿੱਕੀ ਹੈਲੀ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ‘ਖੜੂਸ ਬੁੱਢੇ’ ‘ਗ੍ਰੰਪੀ ਓਲਡ ਮੈਨ’ ਕਰਾਰ ਦਿਤਾ ਹੈ।

ਹੈਲੀ ਨੇ ਇਹ ਟਿੱਪਣੀ ਫ਼ਿਲਮ ‘ਗ੍ਰੰਪੀ ਓਲਡ ਮੈਨ’ ਦਾ ਜ਼ਿਕਰ ਕਰਦੇ ਹੋਏ ਕੀਤੀ ਹੈ। ਉਨ੍ਹਾਂ ਫ਼ਿਲਮ ਦੇ ਪੋਸਟਰ ’ਤੇ ਅਦਾਕਾਰਾਂ ਦੇ ਚਿਹਰਿਆਂ ਦੇ ਥਾਂ ’ਤੇ ਅਪਣੇ ਵਿਰੋਧੀਆਂ ਦੇ ਚਿਹਰਿਆਂ ਲਗਾ ਕੇ ਇਸ ਨੂੰ ਅਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਸਾਂਝਾ ਕੀਤਾ। ਹੈਲੀ ਨੇ ਇਹ ਪੋਸਟ ਅਜਿਹੇ ਸਮੇਂ ’ਤੇ ਸਾਂਝੀ ਕੀਤੀ ਹੈ, ਜਦੋਂ ਰਿਪਬਲਿਕਨ ਉਮੀਦਵਾਰ ਚੁਣਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਇਸ ਮਹੀਨੇ ਦੱਖਣੀ ਕੈਰੋਲੀਨਾ ਦੀਆਂ ਮਹੱਤਵਪੂਰਨ ਪ੍ਰਾਇਮਰੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਪ੍ਰਾਇਮਰੀ ਚੋਣ ’ਚ ਹੈਲੀ ਦੀ ਸਥਿਤੀ ‘ਕਰੋ ਜਾਂ ਮਰੋ’ ਵਾਲੀ ਹੈ।

ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਅਤੇ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਹੈਲੀ (52) ਹੀ ਇਕਲੌਤੀ ਦਾਅਵੇਦਾਰ ਬਚੀ ਹੈ, ਜੋ ਰਿਪਬਲਿਕਨ ਉਮੀਦਵਾਰ ਬਣਨ ਲਈ ਟਰੰਪ (77) ਨੂੰ ਚੁਣੌਤੀ ਦੇ ਰਹੀ ਹੈ। ਟਰੰਪ ਰਿਪਬਲਿਕਨ ਉਮੀਦਵਾਰ ਹਨ ਅਤੇ ਬਾਈਡੇਨ (81) ਡੈਮੋਕਰੇਟਿਕ ਉਮੀਦਵਾਰ ਬਣਨ ਦੇ ਸੱਭ ਤੋਂ ਮਜ਼ਬੂਤ ਦਾਅਵੇਦਾਰ ਹਨ। ‘ਖੜੂਸ ਬੁੱਢੇ’ ਯਾਨੀ ‘ਗ੍ਰੰਪੀ ਓਲਡ ਮੈਨ’ ਥੀਮ ਤਹਿਤ ਸਿਆਸੀ ਇਸ਼ਤਿਹਾਰਾਂ ਦੀ ਇਕ ਨਵੀਂ ਲੜੀ ਦੇ ਹਿੱਸੇ ਵਜੋਂ ਹੈਲੀ ਨੇ ਟਰੰਪ ਅਤੇ ਬਾਈਡੇਨ ਨੂੰ ਉਨ੍ਹਾਂ ਦੀ ਉਮਰ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਵਿਨ੍ਹਿਆ ਹੈ।

ਉਨ੍ਹਾਂ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ’ਤੇ 1993 ’ਚ ਰਿਲੀਜ਼ ਹੋਈ ਫ਼ਿਲਮ ‘ਗ੍ਰੰਪੀ ਓਲਡ ਮੈਨ’ ਦਾ ਅਜਿਹਾ ਪੋਸਟਰ ਸਾਂਝਾ ਕੀਤਾ, ਜਿਸ ’ਚ ਫ਼ਿਲਮੀ ਕਲਾਕਾਰਾਂ ਦੇ ਚਿਹਰਿਆਂ ਦੀ ਥਾਂ ਬਾਈਡੇਨ ਅਤੇ ਟਰੰਪ ਦੇ ਚਿਹਰਿਆਂ ਦੀ ਵਰਤੋਂ ਕੀਤੀ ਗਈ ਸੀ। ਟਰੰਪ ਨੂੰ ਸਖ਼ਤ ਟੱਕਰ ਦੇਣ ਦੀ ਅਪਣੀ ਵਚਨਬੱਧਤਾ ਜ਼ਾਹਰ ਕਰਦੇ ਹੋਏ ਹੈਲੀ ਨੇ ਪੱਤਰਕਾਰਾਂ ਨੂੰ ਕਿਹਾ, ‘ਮੈਂ ਕਿਤੇ ਨਹੀਂ ਜਾ ਰਹੀ। ਸਾਨੂੰ ਦੇਸ਼ ਨੂੰ ਬਚਾਉਣਾ ਹੋਵੇਗਾ।’’ ਬਾਈਡੇਨ ਅਮਰੀਕਾ ਦੇ ਹੁਣ ਤਕ ਦੇ ਸੱਭ ਤੋਂ ਬਜ਼ੁਰਗ ਰਾਸ਼ਟਰਪਤੀ ਹਨ।