MP ਮੀਤ ਹੇਅਰ ਅਤੇ ਗੁਰਮੀਤ ਸਿੰਘ ਸਣੇ 5 ਸਾਬਕਾ ਮੰਤਰੀਆਂ ਨੂੰ ਨੋਟਿਸ ਹੋਇਆ ਜਾਰੀ

MP ਮੀਤ ਹੇਅਰ ਅਤੇ ਗੁਰਮੀਤ ਸਿੰਘ ਸਣੇ 5 ਸਾਬਕਾ ਮੰਤਰੀਆਂ ਨੂੰ ਨੋਟਿਸ ਹੋਇਆ ਜਾਰੀ

ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਅਸਤੀਫ਼ਾ ਦੇਣ ਵਾਲੇ 5 ਮੰਤਰੀਆਂ ਨੂੰ ਨੋਟਿਸ ਜਾਰੀ ਕਰਕੇ ਸਰਕਾਰੀ ਰਿਹਾਇਸ਼ ਖ਼ਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚ ਸੰਸਦ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਅਨਮੋਲ ਗਗਨ ਮਾਨ, ਬਲਕਾਰ ਸਿੰਘ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। 

ਪੰਜਾਬ ਸਰਕਾਰ ਵੱਲੋਂ ਜਾਰੀ ਨੋਟਿਸ ਵਿਚ ਸਾਫ਼ ਕਿਹਾ ਗਿਆ ਹੈ ਕਿ ਨਿਯਮਾਂ ਮੁਤਾਬਕ ਕਿਸੇ ਵੀ ਕੈਬਨਿਟ ਮੰਤਰੀ ਵੱਲੋਂ ਅਹੁਦੇ ਤੋਂ ਹਟਣ ਮਗਰੋਂ ਸਰਕਾਰੀ ਰਿਹਾਇਸ਼ ਨੂੰ ਵੱਧ ਤੋਂ ਵੱਧ 15 ਦਿਨਾਂ ਤਕ ਰਿਟੇਨ ਕੀਤਾ ਜਾ ਸਕਦਾ ਹੈ। ਇਸ ਲਈ ਬਤੌਰ ਕੈਬਨਿਟ ਮੰਤਰੀ ਅਲਾਟ ਕੀਤੀ ਗਈ ਸਰਕਾਰੀ ਰਿਹਾਇਸ਼ ਨੂੰ ਨਿਰਧਾਰਤ ਸਮੇਂ ਦੇ ਅੰਦਰ ਖਾਲੀ ਕਰਦੇ ਹੋਏ ਇਸ ਦਾ ਕਬਜ਼ਾ ਲੋਕ ਨਿਰਮਾਣ ਵਿਭਾਗ ਪੰਜਾਬ, ਚੰਡੀਗੜ੍ਹ ਨੂੰ ਸੌਂਪਿਆ ਜਾਵੇ, ਤਾਂ ਜੋ ਨਵੇਂ ਬਣੇ ਕੈਬਨਿਟ ਮੰਤਰੀਆਂ ਨੂੰ ਸਰਕਾਰੀ ਰਿਹਾਇਸ਼ ਦੀ ਸਹੂਲਤ ਦਿੱਤੀ ਜਾ ਸਕੇ।

ਇੱਥੇ ਦੱਸ ਦਈਏ ਕਿ ਇਨ੍ਹਾਂ 5 ਮੰਤਰੀਆਂ ਦੇ ਅਸਤੀਫ਼ੇ ਮਗਰੋਂ ਪੰਜਾਬ ਕੈਬਨਿਟ ਵਿਚ ਮੋਹਿੰਦਰ ਭਗਤ, ਤਰੁਨਪ੍ਰੀਤ ਸਿੰਘ ਸੋਂਧ, ਬਰਿੰਦਰ ਗੋਇਲ, ਹਰਦੀਪ ਮੁੰਡੀਆ ਅਤੇ ਡਾ. ਰਵਜੋਤ ਸਿੰਘ ਨੂੰ ਸ਼ਾਮਲ ਕਰ ਕੇ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਹੈ।