- Updated: February 18, 2023 08:25 PM
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਹਾਸ਼ਿਵਰਾਤਰੀ ਮੌਕੇ ਜਲੰਧਰ ਦੇ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਰ ਅਤੇ ਸ੍ਰੀ ਮਹਾਲਕਸ਼ਮੀ ਮੰਦਰ ਵਿਖੇ ਮੱਥਾ ਟੇਕ ਕੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
ਅੱਜ ਬਾਅਦ ਦੁਪਹਿਰ ਮੰਦਰਾਂ ਦਾ ਦੌਰਾ ਕਰਨ ਵਾਲੇ ਮੁੱਖ ਮੰਤਰੀ ਨੇ ਮਹਾਸ਼ਿਵਰਾਤਰੀ ਦੇ ਤਿਉਹਾਰ ‘ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਹਾਸ਼ਿਵਰਾਤਰੀ ਲੋਕਾਂ ਨੂੰ ਸੱਚ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣ ਲਈ ਪ੍ਰੇਰਿਤ ਕਰਦੀ ਹੈ, ਜੋ ਭਗਵਾਨ ਸ਼ਿਵ ਦੁਆਰਾ ਦਰਸਾਈ ਗਈ ਪਰਮ ਚੇਤਨਾ ਵੱਲ ਲੈ ਜਾਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਤਿਉਹਾਰ ਧਾਰਮਿਕਤਾ, ਸ਼ਰਧਾ, ਆਪਸੀ ਪਿਆਰ ਅਤੇ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ‘ਤੇ ਜ਼ੋਰ ਦਿੰਦਾ ਹੈ, ਜਿਸ ਨੂੰ ਮਹਾਨ ਭਾਰਤੀ ਸੱਭਿਅਤਾ ਦੇ ਅਧਾਰ ਵਜੋਂ ਜਾਣਿਆ ਜਾਂਦਾ ਹੈ।

ਮੁੱਖ ਮੰਤਰੀ ਨੇ ਸ੍ਰੀ ਮਹਾਲਕਸ਼ਮੀ ਮੰਦਿਰ ਵਿਖੇ ਸ਼ਿਵਾਲਾਏ ਵਿਖੇ ਪੂਜਾ ਅਰਚਨਾ ਕੀਤੀ। ਇਸ ਮੌਕੇ ਉਨ੍ਹਾਂ ਆਸ ਪ੍ਰਗਟਾਈ ਕਿ ਇਹ ਤਿਉਹਾਰ ਸੂਬੇ ਵਿੱਚ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਮਾਜ ਦੇ ਸਾਰੇ ਵਰਗਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਸ ਦੌਰਾਨ ਸੀ.ਐੱਮ. ਮਾਨ ਨੇ ਮਾਂ ਦੁਰਗਾ ਤੋਂ ਸੂਬੇ ਦੀ ਸੇਵਾ ਹੋਰ ਜੋਸ਼ ਅਤੇ ਤਨਦੇਹੀ ਨਾਲ ਕਰਨ ਲਈ ਅਸ਼ੀਰਵਾਦ ਲੈਣ ਲਈ ਸਤਿਕਾਰਯੋਗ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਰ ਅਤੇ ਸ਼੍ਰੀ ਮਹਾਲਕਸ਼ਮੀ ਮੰਦਰ ਵਿਖੇ ਮੱਥਾ ਟੇਕਿਆ।
ਮੁੱਖ ਮੰਤਰੀ ਨੇ ਪੂਰੀ ਨਿਮਰਤਾ ਅਤੇ ਸਮਰਪਣ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਪ੍ਰਮਾਤਮਾ ਤੋਂ ਉਨ੍ਹਾਂ ਨੂੰ ਬਲ ਬਖਸ਼ਣ ਦੀ ਅਰਦਾਸ ਕੀਤੀ। ਉਨ੍ਹਾਂ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਅਰਦਾਸ ਕੀਤੀ ਤਾਂ ਜੋ ਸੂਬੇ ਦੇ ਲੋਕਾਂ ਦੀ ਜਾਤ, ਰੰਗ, ਨਸਲ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਸਦਭਾਵਨਾ ਵਾਲਾ ਸਮਾਜ ਸਿਰਜਿਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸਮਾਜ ਵਿਚ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀਆਂ ਭਾਵਨਾਵਾਂ ਨੂੰ ਹਰ ਕੀਮਤ ‘ਤੇ ਕਾਇਮ ਰੱਖਿਆ ਜਾਵੇਗਾ ਅਤੇ ਹਮੇਸ਼ਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ।
ਮੁੱਖ ਮੰਤਰੀ ਨੇ ਮਾਤਾ ਰਾਣੀ ਨੂੰ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸੀ.ਐੱਮ. ਮਾਨ ਨੇ ਕਿਹਾ ਕਿ ਉਨ੍ਹਾਂ ਲਈ ਇਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨਾ ਇੱਕ ਵਿਲੱਖਣ ਅਨੁਭਵ ਸੀ, ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਅਤੇ ਸਕਾਰਾਤਮਕਤਾ ਦੇ ਸੋਮੇ ਹਨ।
ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਮਿਹਰ ਸਦਕਾ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ਅਤੇ ਸਰਕਾਰ ਵੱਲੋਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਲਾਗੂ ਕਰਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।