ਤਾਮਿਲਨਾਡੂ ''ਚ ਤੋਤਾ ਚੋਣਾਂ ਦੀ ਭਵਿੱਖਬਾਣੀ ਕਰ ਰਿਹਾ ਸੀ , ਪੁਲਿਸ ਨੇ ਚੁੱਕਿਆ ਮਾਲਕ

ਤਾਮਿਲਨਾਡੂ ''ਚ ਤੋਤਾ ਚੋਣਾਂ ਦੀ ਭਵਿੱਖਬਾਣੀ ਕਰ ਰਿਹਾ ਸੀ , ਪੁਲਿਸ ਨੇ ਚੁੱਕਿਆ ਮਾਲਕ

ਤਾਮਿਲਨਾਡੂ ਦੇ ਕੁੱਡਲੋਰ ਵਿਧਾਨ ਸਭਾ ਹਲਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਿਸ ਨੇ ਇੱਕ ਤੋਤੇ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ, ਲੋਕਾਂ ਦਾ ਭਵਿੱਖ ਦੱਸਣ ਵਾਲੇ ਇਸ ਤੋਤੇ (astrologer parrot) ਨੇ ਚੋਣ ਲੜ ਰਹੇ ਪੀਐਮਕੇ ਉਮੀਦਵਾਰ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਇਸ ਦੀ ਵੀਡੀਓ ਸਾਹਮਣੇ ਆਉਣ 'ਤੇ ਮਾਮਲਾ ਪੁਲਿਸ ਕੋਲ ਪਹੁੰਚ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਕੁਝ ਸਮੇਂ ਲਈ ਤੋਤੇ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ। ਤੋਤੇ ਦੇ ਮਾਲਕ ਨੂੰ ਇਸ ਨੂੰ ਕੈਦ ਵਿੱਚ ਨਾ ਰੱਖਣ ਦੀ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਫ਼ਿਲਮ ਨਿਰਦੇਸ਼ਕ ਥੰਕਰ ਬਚਨ ( Thankar Bachan ) ਕੁੱਡਲੋਰ ਹਲਕੇ ਤੋਂ ਪੀਐਮਕੇ ਪਾਰਟੀ ਦੇ ਉਮੀਦਵਾਰ ਹਨ। ਥੰਕਰ ਬਚਨ (Thankar Bachan ) ਐਤਵਾਰ ਨੂੰ ਹਲਕੇ ਵਿੱਚ ਆਏ ਸਨ। ਇਸ ਦੌਰਾਨ ਉਹ ਇੱਕ ਮਸ਼ਹੂਰ ਮੰਦਰ ਕੋਲੋਂ ਲੰਘੇ। ਮੰਦਰ ਦੇ ਬਾਹਰ ਇੱਕ ਜੋਤਸ਼ੀ ਪਿੰਜਰੇ ਵਿੱਚ ਤੋਤਾ ਲੈ ਕੇ ਬੈਠਾ ਸੀ। ਇਹ ਤੋਤਾ ਸਾਹਮਣੇ ਰੱਖੇ ਕਾਰਡਾਂ ਨੂੰ ਚੁਣ ਕੇ ਲੋਕਾਂ ਦਾ ਭਵਿੱਖ ਦੱਸ ਰਿਹਾ ਸੀ। ਥੰਕਰ ਬਚਨ ਵੀ ਆਪਣਾ ਭਵਿੱਖ ਜਾਣਨ ਲਈ ਤੋਤੇ ਕੋਲ ਪਹੁੰਚ ਗਿਆ। ਇਸ ਦੌਰਾਨ ਉਨ੍ਹਾਂ ਦੇ ਸਮਰਥਕ ਵੀ ਮੌਜੂਦ ਸਨ।

ਤੋਤਾ ਪਿੰਜਰੇ 'ਚ ਬੰਦ ਸੀ ,ਉਸਨੂੰ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਉਸ ਦੇ ਸਾਹਮਣੇ ਕਈ ਕਾਰਡ ਰੱਖੇ ਗਏ। ਇਨ੍ਹਾਂ ਵਿੱਚੋਂ ਇੱਕ ਕਾਰਡ ਚੁਣਨਾ ਸੀ। ਤੋਤੇ ਨੇ ਆਪਣੀ ਚੁੰਝ ਨਾਲ ਇੱਕ ਕਾਰਡ ਚੁੱਕ ਕੇ ਅਲੱਗ ਰੱਖ ਦਿੱਤਾ। ਕਾਰਡ 'ਤੇ ਉਸ ਮੰਦਰ ਦੇ ਮੁੱਖ ਦੇਵਤੇ ਦੀ ਤਸਵੀਰ ਸੀ। ਕਾਰਡ ਨੂੰ ਦੇਖ ਕੇ ਤੋਤੇ ਦੇ ਮਾਲਕ ਨੇ ਗਰਜਵੀਂ ਆਵਾਜ਼ ਨਾਲ ਐਲਾਨ ਕੀਤਾ ਕਿ ਉਸ ਨੂੰ ਜ਼ਰੂਰ ਸਫਲਤਾ ਮਿਲੇਗੀ।

ਇਸ ਭਵਿੱਖਬਾਣੀ ਤੋਂ ਖੁਸ਼ ਹੋ ਕੇ ਪੀਐਮਕੇ ਉਮੀਦਵਾਰ ਨੇ ਤੋਤੇ ਨੂੰ ਖਾਣ ਲਈ ਕੇਲੇ ਦਿੱਤੇ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਤੋਂ ਬਾਅਦ ਤੋਤੇ ਦੇ ਮਾਲਕ ਜੋਤਸ਼ੀ ਸੇਲਵਰਾਜ ਅਤੇ ਉਸ ਦੇ ਭਰਾ ਨੂੰ ਪੁਲਿਸ ਨੇ ਕੁਝ ਸਮੇਂ ਲਈ ਫੜ ਲਿਆ। ਬਾਅਦ ਵਿੱਚ ਜੰਗਲਾਤ ਵਿਭਾਗ ਨੇ ਤੋਤੇ ਨੂੰ ਕੈਦ ਵਿੱਚ ਰੱਖਣ ਬਾਰੇ ਚੇਤਾਵਨੀ ਦਿੱਤੀ ਅਤੇ ਫਿਰ ਛੱਡ ਦਿੱਤਾ ਗਿਆ। ਤੋਤੇ ਦੇ ਮਾਲਕ ਕੋਲ ਕੁਝ ਹੋਰ ਤੋਤੇ ਮਿਲੇ ਹਨ, ਜੋ ਜੰਗਲੀ ਖੇਤਰ ਵਿੱਚ ਛੱਡ ਦਿੱਤੇ ਗਏ ਹਨ। ਇਸ ਕਾਰਵਾਈ ਤੋਂ ਬਾਅਦ ਪੀਐਮਕੇ ਨੇਤਾਵਾਂ ਨੇ ਡੀਐਮਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ।

ਪੀਐਮਕੇ ਦੇ ਪ੍ਰਧਾਨ ਡਾ.ਅੰਬੂਮਨੀ ਰਾਮਦਾਸ ਨੇ ਕਿਹਾ ਕਿ ਡੀਐਮਕੇ ਸਰਕਾਰ ਨੇ ਇਹ ਕਾਰਵਾਈ ਇਸ ਲਈ ਕੀਤੀ ਹੈ ਕਿਉਂਕਿ ਉਨ੍ਹਾਂ ਨੂ ਆਪਣੀ ਹਾਰ ਦੀ ਖ਼ਬਰ ਬਰਦਾਸ਼ਤ ਨਹੀਂ ਹੋ ਰਹੀ। ਤੋਤੇ ਨੇ ਕੁਡਲੋਰ ਹਲਕੇ ਤੋਂ ਨਿਰਦੇਸ਼ਕ ਥੰਕਰ ਬਚਨ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਇਸ ਕਾਰਵਾਈ ਦੀ ਨਿਖੇਧੀ ਹੋਣੀ ਚਾਹੀਦੀ ਹੈ। ਜੋ DMK ਸਰਕਾਰ ਤੋਤੇ ਦੀਆਂ ਭਵਿੱਖਬਾਣੀਆਂ ਨੂੰ ਵੀ ਬਰਦਾਸ਼ਤ ਨਹੀਂ ਕਰ ਸਕੀ ,ਅੱਗੇ ਉਸਦਾ ਕੀ ਹਾਲ ਹੋਵੇਗਾ ?