- Updated: September 25, 2024 04:29 PM
ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਵਿਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। 15 ਅਕਤੂਬਰ ਨੂੰ ਵੋਟਾਂ ਪੈਣਗੀਆਂ। ਪੰਚਾਇਤੀ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਨਾਲ ਹੁਣ ਪਿੰਡਾਂ ਵਿਚ ਚੋਣ ਜ਼ਾਬਤਾ ਵੀ ਲੱਗ ਗਿਆ ਹੈ। ਸੂਬਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਨਾਮਜ਼ਦਗੀ ਦੀ ਆਖਰੀ ਤਾਰੀਖ 4 ਅਕਤੂਬਰ ਹੋਵੇਗੀ। ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਕੁੱਲ 13237 ਗ੍ਰਾਮ ਪੰਚਾਇਤਾਂ ਹਨ ਅਤੇ 19110 ਪੋਲਿੰਗ ਬੂਥ ਬਣਨਗੇ। ਬੈਲਟ ਪੇਪਰ ਰਾਹੀਂ ਵੋਟਾਂ ਪੈਣਗੀਆਂ। ਜਰਨਲ ਪੰਚਾਂ ਅਤੇ ਸਰਪੰਚਾਂ ਨੂੰ ਨਾਮਜ਼ਦਗੀ ਫ਼ੀਸ 100 ਰੁਪਏ ਦੇਣੀ ਪਵੇਗੀ ਅਤੇ ਐੱਸ. ਸੀ./ਬੀ. ਸੀ. ਪੰਚਾਂ ਅਤੇ ਸਰਪੰਚਾਂ ਨੂੰ ਨੌਮੀਨੇਸ਼ਨ ਫ਼ੀਸ 50 ਰੁਪਏ ਰੱਖੀ ਗਈ ਹੈ। ਪੰਜਾਬ 'ਚ 1 ਕਰੋੜ 33 ਲੱਖ ਵੋਟਰ ਹਨ।
ਪੰਜਾਬ ਰਾਜ ਚੋਣ ਕਮਿਸ਼ਨਰ ਨੇ ਕਿਹਾ ਕਿ ਤਿਓਹਾਰਾਂ ਨੂੰ ਦੇਖਦੇ ਹੋਏ ਸ਼ਡਿਊਲ ਤੈਅ ਕੀਤਾ ਗਿਆ ਹੈ। ਝੋਨੇ ਦੀ ਵਾਢੀ ਦੇ ਸੀਜ਼ਨ ਦਾ ਵੀ ਧਿਆਨ ਰੱਖਿਆ ਗਿਆ ਹੈ। ਪੰਚਾਂ ਅਤੇ ਸਰਪੰਚਾਂ ਨੂੰ ਵੱਖਰੇ-ਵੱਖਰੇ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ। ਚੋਣ ਕਮਿਸ਼ਨਰ ਮੁਤਾਬਕ ਸਰਪੰਚ ਦੀ ਚੋਣ ਲਈ 38 ਅਤੇ ਪੰਚ ਦੀ ਚੋਣ ਲਈ 135 ਚੋਣ ਨਿਸ਼ਾਨ ਰੱਖੇ ਗਏ ਹਨ। ਚੋਣ ਕਮਿਸ਼ਨਰ ਮੁਤਾਬਕ ਕੁੱਲ 173 ਚੋਣ ਨਿਸ਼ਾਨ ਰੱਖੇ ਗਏ ਹਨ। ਜ਼ਿਲ੍ਹਾ ਪਰਿਸ਼ਦ ਦੀ ਚੋਣ ਲਈ 32 ਚੋਣ ਨਿਸ਼ਾਨ ਹੋਣਗੇ। ਚੋਣ ਕਮਿਸ਼ਨਰ ਮੁਤਾਬਕ 2 ਤਰ੍ਹਾਂ ਦੇ ਬੈਲਟ ਪੇਪਰ ਹੋਣਗੇ।
ਪੰਜਾਬ ਵਿਚ ਕੁੱਲ 13237 ਪੰਚਾਇਤਾਂ ਹਨ ਜਦਕਿ 153 ਪੰਚਾਇਤ ਸੰਮਤੀਆਂ ਅਤੇ 23 ਜ਼ਿਲ੍ਹਾ ਪ੍ਰੀਸ਼ਦ ਹਨ। ਉਨ੍ਹਾਂ ਦਾ ਕਾਰਜਕਾਲ 31 ਦਸੰਬਰ 2023 ਨੂੰ ਖਤਮ ਹੋ ਗਿਆ ਸੀ। ਸੂਬੇ ਵਿਚ ਸਭ ਤੋਂ ਵੱਧ 1405 ਪੰਚਾਇਤਾਂ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹਨ, ਜਦੋਂ ਕਿ ਪਟਿਆਲਾ ਵਿਚ 1022 ਪੰਚਾਇਤਾਂ ਹਨ। ਪਿਛਲੇ ਸਾਲ ਦਸੰਬਰ ਤੋਂ ਭੰਗ ਹੋਈਆਂ ਪੰਚਾਇਤਾਂ ਦੀਆਂ ਚੋਣਾਂ ਅਜੇ ਬਾਕੀ ਹਨ।