- Updated: February 07, 2026 09:46 PM
ਭਾਰਤੀ ਜਨਤਾ ਪਾਰਟੀ ਵੱਲੋਂ ਪਾਰਟੀ ਦੇ ਸੰਗਠਨਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਾਰਕੁਨਾਂ ਨੂੰ ਵਿਚਾਰਧਾਰਾਤਮਕ ਤੇ ਸੰਗਠਨਾਤਮਕ ਸਿਖਲਾਈ ਦੇਣ ਦੇ ਉਦੇਸ਼ ਨਾਲ ਪੰਡਿਤ ਦੀਨ ਦਿਆਲ ਉਪਾਧਿਆਏ ਟ੍ਰੇਨਿੰਗ ਮਹਾਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਪਾਰਟੀ ਵੱਲੋਂ ਇਸ ਅਭਿਆਨ ਲਈ ਮਨਜੀਤ ਸਿੰਘ ਰਾਏ ਨੂੰ ਪੰਜਾਬ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਸੂਤਰਾਂ ਅਨੁਸਾਰ ਇਹ ਟ੍ਰੇਨਿੰਗ ਮਹਾਅਭਿਆਨ ਸੂਬੇ ਭਰ ਵਿੱਚ ਕਈ ਪੜਾਵਾਂ ਵਿੱਚ ਚਲਾਇਆ ਜਾਵੇਗਾ, ਜਿਸ ਅਧੀਨ ਭਾਜਪਾ ਦੇ ਕਾਰਕੁਨਾਂ ਨੂੰ ਪਾਰਟੀ ਦੀ ਵਿਚਾਰਧਾਰਾ, ਨੀਤੀਆਂ, ਇਤਿਹਾਸ ਤੇ ਸੰਗਠਨਕ ਕਾਰਜਪ੍ਰਣਾਲੀ ਬਾਰੇ ਵਿਵਸਥਿਤ ਤਰੀਕੇ ਨਾਲ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ਰਾਹੀਂ ਕਾਰਕੁੰਨਾਂ ਨੂੰ ਜ਼ਮੀਨੀ ਪੱਧਰ ‘ਤੇ ਪਾਰਟੀ ਦੀ ਨੀਤੀ ਲੋਕਾਂ ਤੱਕ ਪਹੁੰਚਾਉਣ ਲਈ ਤਿਆਰ ਕੀਤਾ ਜਾਵੇਗਾ।
ਪਾਰਟੀ ਆਗੂਆਂ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ ਏਕਾਤਮਕ ਮਨੁਖਤਾ ਦੇ ਸਿਧਾਂਤਾਂ ‘ਤੇ ਆਧਾਰਿਤ ਇਹ ਟ੍ਰੇਨਿੰਗ ਕਾਰਜਕ੍ਰਮ ਸਮਾਜਕ ਸਮਰਸਤਾ, ਰਾਸ਼ਟਰ ਨਿਰਮਾਣ ਅਤੇ ਲੋਕ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ। ਟ੍ਰੇਨਿੰਗ ਦੌਰਾਨ ਕਾਰਕੁਨਾਂ ਨੂੰ ਸੰਗਠਨਕ ਅਨੁਸ਼ਾਸਨ, ਜਨਸੰਪਰਕ ਅਤੇ ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਸੰਬੰਧੀ ਵਿਹਾਰਕ ਦਿਸ਼ਾ-ਨਿਰਦੇਸ਼ ਵੀ ਦਿੱਤੇ ਜਾਣਗੇ।
ਮਨਜੀਤ ਸਿੰਘ ਰਾਏ ਨੇ ਆਪਣੀ ਨਿਯੁਕਤੀ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਮਹਾਅਭਿਆਨ ਨੂੰ ਸੂਬੇ ਦੇ ਹਰ ਜ਼ਿਲ੍ਹੇ ਤੱਕ ਪਹੁੰਚਾਉਣਾ ਅਤੇ ਵੱਧ ਤੋਂ ਵੱਧ ਕਾਰਕੁਨਾਂ ਦੀ ਭਾਗੀਦਾਰੀ ਯਕੀਨੀ ਬਣਾਉਣਾ ਉਨ੍ਹਾਂ ਦੀ ਤਰਜੀਹ ਰਹੇਗੀ।