- Updated: October 05, 2026 06:58 PM
ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਅੱਜ ਸੋਮਵਾਰ ਨੂੰ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਦਿੰਦੇ ਹੋਏ ਪਰਗਟ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਕਿ “ਰਾਹੁਲ ਗਾਂਧੀ ਨੂੰ ਮਿਲਣਾ ਮੇਰੇ ਲਈ ਖੁਸ਼ਕਿਮਸਤੀ ਏ। ਪੰਜਾਬ ਤੇ ਉਥੇ ਦੇ ਲੋਕਾਂ ਦੇ ਹਿੱਤ ਪ੍ਰਤੀ ਉਨ੍ਹਾਂ ਦੇ ਮਾਰਗਦਰਸ਼ਨ, ਉਤਸ਼ਾਹ ਅਤੇ ਅਟੁੱਟ ਵਚਨਬੱਧਤਾ ਲਈ ਧੰਨਵਾਦੀ ਹਾਂ।”
ਉਨ੍ਹਾਂ ਲਿਖਿਆ, “ਨਵੀਂ ਊਰਜਾ ਅਤੇ ਸਾਡੇ ਨੇਤਾਵਾਂ, ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੀ ਸਮੂਹਿਕ ਤਾਕਤ ਨਾਲ ਅਸੀਂ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਬਿਹਤਰ ਭਵਿੱਖ ਦੇ ਨਿਰਮਾਣ ਲਈ ਅਣਥੱਕ ਮਿਹਨਤ ਕਰਾਂਗੇ।”
ਦੱਸ ਦੇਈਏ ਕਿ ਪਰਗਟ ਸਿੰਘ ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਦਿੱਲੀ ਵਿੱਚ ਹੀ ਰਹੇ ਹਨ। ਇਸ ਦੌਰਾਨ, ਉਨ੍ਹਾਂ ਨੇ ਪੰਜਾਬ ਨਾਲ ਕੁਝ ਨਾ ਕੁਝ ਸਬੰਧ ਰੱਖਣ ਵਾਲੇ ਹਰ ਕਾਂਗਰਸੀ ਆਗੂ ਨਾਲ ਮੁਲਾਕਾਤ ਕੀਤੀ ਹੈ।
ਸੋਮਵਾਰ ਨੂੰ ਰਾਹੁਲ ਗਾਂਧੀ ਦੀ ਪਰਗਟ ਨਾਲ ਮੁਲਾਕਾਤ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਉਨ੍ਹਾਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਰਾਹੁਲ ਗਾਂਧੀ ਪ੍ਰਗਟ ਸਿੰਘ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ ਹਨ। ਇਸ ਲਈ, ਪਰਗਟ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਚਾਰ ਦਿਨ ਬਾਅਦ ਵੀ ਪੰਜਾਬ ਨਹੀਂ ਆ ਪਾਏ।
ਪਰਗਟ ਸਿੰਘ 6 ਅਕਤੂਬਰ ਨੂੰ ਦਿੱਲੀ ਤੋਂ ਪੰਜਾਬ ਵਾਪਸ ਆਉਣਗੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਵਿੱਚ ਸੀਨੀਅਰ ਕਾਂਗਰਸ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ, ਜਿੱਥੇ ਉਹ ਸਿੱਧੇ ਤੌਰ ‘ਤੇ ਧੜੇਬੰਦੀ ਖਤਮ ਕਰਨ ਅਤੇ ਚੋਣ ਲੜਾਈ ਲਈ ਇੱਕਜੁੱਟ ਹੋਣ ਦਾ ਸੰਦੇਸ਼ ਦੇਣਗੇ।