- Updated: October 05, 2026 04:08 PM
ਭਾਰਤ ਅਤੇ ਕੈਨੇਡਾ ਦੇ ਮੁੱਖ ਵਾਰਤਾਕਾਰ ਪ੍ਰਸਤਾਵਿਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀ. ਈ. ਪੀ. ਏ.) ਲਈ 5ਵੇਂ ਗੇੜ ਦੀ ਗੱਲਬਾਤ 5 ਅਕਤੂਬਰ ਤੋਂ ਓਟਾਵਾ ’ਚ ਸ਼ੁਰੂ ਕਰਨਗੇ। 5 ਦਿਨ ਤੱਕ ਚੱਲਣ ਵਾਲੀ ਇਹ ਵਾਰਤਾ 9 ਅਕਤੂਬਰ ਤੱਕ ਚੱਲ ਸਕਦੀ ਹੈ। ਦੋਵਾਂ ਦੇਸ਼ਾਂ ਨੇ ਇਸ ਸਾਲ ਦੇ ਅੰਤ ਤੱਕ ਗੱਲਬਾਤ ਪੂਰੀ ਕਰਨ ਦਾ ਟੀਚਾ ਰੱਖਿਆ ਹੈ।
ਇਕ ਅਧਿਕਾਰੀ ਅਨੁਸਾਰ ਦੋਵੇਂ ਦੇਸ਼ ਵਾਰਤਾ ’ਚ ਤੇਜ਼ੀ ਲਿਆ ਰਹੇ ਹਨ। ਇਸ ਤੋਂ ਪਹਿਲਾਂ ਗੱਲਬਾਤ ਦਾ ਚੌਥਾ ਗੇੜ 18 ਸਤੰਬਰ ਨੂੰ ਨਵੀਂ ਦਿੱਲੀ ’ਚ ਸੰਪੰਨ ਹੋਇਆ ਸੀ। ਵਾਰਤਾ ਨੂੰ ਰਫਤਾਰ ਦੇਣ ਲਈ ਕੈਨੇਡਾ ਦੇ ਵਪਾਰ ਮੰਤਰੀ ਮਨਿੰਦਰ ਸਿੱਧੂ ਇਸ ਮਹੀਨੇ ਦੇ ਅੰਤ ’ਚ ਲੱਗਭਗ 300 ਮੈਂਬਰੀ ਕਾਰੋਬਾਰੀ ਵਫਦ ਨਾਲ ਨਵੀਂ ਦਿੱਲੀ ਆਉਣਗੇ। ਸਿੱਧੂ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਨੇ ਪਿਛਲੇ ਮਹੀਨੇ ਮੁੰਬਈ ’ਚ ਮੁਲਾਕਾਤ ਕਰਕੇ ਵਾਰਤਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਸੀ।
ਸੀ. ਈ. ਪੀ. ਏ. ਇਕ ਤਰ੍ਹਾਂ ਦਾ ਮੁਫ਼ਤ ਵਪਾਰ ਸਮਝੌਤਾ ਹੈ, ਜਿਸ ਦੇ ਤਹਿਤ ਦੋਵੇਂ ਦੇਸ਼ ਇਕ-ਦੂਜੇ ਦੇ ਵੱਧ ਤੋਂ ਵੱਧ ਉਤਪਾਦਾਂ ’ਤੇ ਟੈਰਿਫ ਨੂੰ ਘੱਟ ਜਾਂ ਖਤਮ ਕਰਨ ਦੇ ਨਾਲ ਕਾਰੋਬਾਰ ਨੂੰ ਆਸਾਨ ਬਣਾਉਣ ਦੇ ਉਪਾਅ ਕਰਦੇ ਹਨ। ਇਸ ’ਚ ਕੁਸ਼ਲ ਪੇਸ਼ੇਵਰਾਂ ਦੇ ਆਉਣ-ਜਾਣ ਨੂੰ ਆਸਾਨ ਬਣਾਉਣ ਅਤੇ ਨਿਵੇਸ਼ ਵਧਾਉਣ ਦੇ ਪ੍ਰਬੰਧ ਵੀ ਸ਼ਾਮਲ ਹੋ ਸਕਦੇ ਹਨ।