ਪੇਡਾ ਵਲੋਂ IIT ਰੋਪੜ ਨਾਲ ਈ-ਮੋਬੀਲਿਟੀ ਲਈ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਵਾਸਤੇ ਸਮਝੌਤਾ ਸਹੀਬੱਧ

ਪੇਡਾ ਵਲੋਂ IIT ਰੋਪੜ ਨਾਲ ਈ-ਮੋਬੀਲਿਟੀ ਲਈ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਵਾਸਤੇ ਸਮਝੌਤਾ ਸਹੀਬੱਧ

ਪੰਜਾਬ ਨੂੰ ਸਾਫ਼-ਸੁਥਰੀ ਊਰਜਾ ਦੇ ਉਤਪਾਦਨ ਵਿਚ ਦੇਸ਼ 'ਚੋਂ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਅੱਜ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿਚ ਸੂਬੇ ਵਿਚ ਈ-ਮੋਬਿਲਿਟੀ ਲਈ ਸੈਂਟਰ ਆਫ਼ ਐਕਸੀਲੈਂਸ (ਸੀ.ਓ.ਈ.) ਦੀ ਸਥਾਪਨਾ ਦੇ ਨਾਲ ਨਾਲ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਲਈ ਸਾਂਝੇ ਤੌਰ 'ਤੇ ਉਪਰਾਲੇ ਕਰਨ ਲਈ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.), ਰੋਪੜ ਨਾਲ ਸਮਝੌਤਾ ਸਹੀਬੱਧ ਕੀਤਾ। 

ਇਹ ਸਮਝੌਤਾ ਪੰਜਾਬ ਸਿਵਲ ਸਕੱਤਰੇਤ-1 ਵਿਖੇ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਰਵੀ ਭਗਤ ਅਤੇ ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਵਲੋਂ ਸਹੀਬੱਧ ਕੀਤਾ ਗਿਆ। ਸਮਝੌਤਾ ਸਹੀਬੱਧ ਕਰਨ ਉਪਰੰਤ ਅਮਨ ਅਰੋੜਾ ਨੇ ਦਸਿਆ ਕਿ ਪੇਡਾ ਅਤੇ ਆਈ.ਆਈ.ਟੀ. ਰੋਪੜ ਵਲੋਂ ਬਾਇਓਮਾਸ ਤੋਂ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਲਈ ਇਕ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਤੋਂ ਇਲਾਵਾ ਈ-ਮੋਬੀਲਿਟੀ ਸੈਕਟਰ ਲਈ ਸੈਂਟਰ ਆਫ ਐਕਸੀਲੈਂਸ ਰਾਹੀਂ ਮੈਨਪਾਵਰ ਦੀ ਸਕਿੱਲ ਟਰਾਂਸਫਰ ਟਰੇਨਿੰਗ ਦੇ ਨਾਲ-ਨਾਲ ਆਈ.ਆਈ.ਟੀ. ਰੋਪੜ ਕੈਂਪਸ ਵਿਖੇ 1 ਮੈਗਾਵਾਟ ਦਾ ਖੇਤੀਬਾੜੀ-ਪੀ.ਵੀ. ਪ੍ਰਾਜੈਕਟ ਸਥਾਪਤ ਕਰਨ ਲਈ ਮਿਲ ਕੇ ਕੰਮ ਕੀਤਾ ਜਾਵੇਗਾ। 

                Image

ਗ੍ਰੀਨ ਹਾਈਡ੍ਰੋਜਨ ਉਤਪਾਦਨ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਸਬੰਧੀ ਪਹਿਲਕਦਮੀ ਕਰਨ ਲਈ ਆਈ.ਆਈ.ਟੀ. ਰੋਪੜ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਇਲੈਕਟ੍ਰਿਕ ਅਤੇ ਸਬੰਧਤ ਵਾਹਨਾਂ ਦੇ ਪ੍ਰਚਲਣ ਦਾ ਰਾਹ ਪੱਧਰਾ ਹੋਵੇਗਾ, ਜਿਸ ਵਿਚ ਯੁਟੀਲਿਟੀ ਵਾਹਨ, ਹਲਕੇ ਵਪਾਰਕ ਵਾਹਨਾਂ ਸਮੇਤ ਵਾਹਨਾਂ ਦੀ ਇਕ ਵਿਆਪਕ ਸ਼੍ਰੇਣੀ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼ ਅਤੇ ਸਵੱਛ ਊਰਜਾ ਦੇ ਉਤਪਾਦਨ ਵਿਚ ਮੋਹਰੀ ਸੂਬਾ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।

ਪੇਡਾ ਦੇ ਡਾਇਰੈਕਟਰ ਐਮ.ਪੀ. ਸਿੰਘ ਨੇ ਗ੍ਰੀਨ ਹਾਈਡ੍ਰੋਜਨ ਦੇ ਖੇਤਰ ਵਿਚ ਖੋਜ ਅਤੇ ਵਿਕਾਸ ਨਾਲ ਸਬੰਧਤ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਬਾਰੇ ਚਰਚਾ ਕੀਤੀ। ਇਸ ਮੌਕੇ ਪੰਜਾਬ ਜੈਨਕੋ ਲਿਮਟਿਡ ਦੇ ਚੇਅਰਮੈਨ ਨਵਜੋਤ ਸਿੰਘ ਮੰਡੇਰ (ਜਰਗ), ਜੁਆਇੰਟ ਡਾਇਰੈਕਟਰ ਪੇਡਾ ਕੁਲਬੀਰ ਸਿੰਘ ਸੰਧੂ, ਆਈ.ਆਈ.ਟੀ. ਰੋਪੜ ਦੇ ਐਸੋਸੀਏਟ ਡੀਨ (ਆਰ.ਐਂਡ.ਡੀ.) ਡਾ. ਪੁਸ਼ਪਿੰਦਰ ਪੀ. ਸਿੰਘ ਅਤੇ ਐਸੋਸੀਏਟ ਪ੍ਰੋਫੈਸਰ ਮਕੈਨੀਕਲ ਇੰਜੀਨੀਅਰਿੰਗ ਡਾ. ਧੀਰਜ ਕੇ. ਮਹਾਜਨ ਵੀ ਹਾਜ਼ਰ ਸਨ।