- Updated: July 01, 2026 01:34 PM
ਬਠਿੰਡਾ ਤੋਂ ਇਸ ਵੇਲੇ ਦੀ ਵੱਡੀ ਅਤੇ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਬਠਿੰਡਾ ਦੇ ਜੋਧਪੁਰ ਰਮਾਣਾ ਅਤੇ ਸੰਗਤ ਦਰਮਿਆਨ ਅੱਜ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਟੂਰਿਸਟ ਵੈਨ ਅਤੇ ਇੱਕ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅਪ ਡਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਇਸ ਦਰਦਨਾਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ।
ਮੁੱਢਲੀ ਜਾਣਕਾਰੀ ਮੁਤਾਬਕ ਦੋਵੇਂ ਵਾਹਨ ਰਾਜਸਥਾਨ ਨੰਬਰ ਦੇ ਸਨ, ਇਨ੍ਹਾਂ ਵਿਚ 11 ਤੋਂ 12 ਲੋਕ ਅਮਰਨਾਥ ਯਾਤਰਾ ਤੋਂ ਪਰਤ ਰਹੇ ਸਨ। ਸਵੇਰੇ ਜਦੋਂ ਬਠਿੰਡਾ ਦੇ ਡੱਬਵਾਲੀ ਵਿਚ ਜੋਧਪੁਰ ਰਮਾਣਾ ਅਤੇ ਸੰਗਤ ਦੇ ਵਿਚਕਾਰ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੀ ਟੀਮ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਰੈਸਕਿਊ ਆਪਰੇਸ਼ਨ ਚਲਾਕੇ ਵਾਹਨਾਂ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਪਰ ਮੁੱਢਲੀ ਜਾਣਕਾਰੀ ਮੁਤਾਬਕ ਚਾਰੇ ਵਿਅਕਤੀ ਮੌਕੇ ‘ਤੇ ਹੀ ਦਮ ਤੋੜ ਚੁੱਕੇ ਸਨ।
ਇਸ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਵਿੱਚ ਸਹਾਰਾ ਜਨ ਸੇਵਾ ਦੀ ਟੀਮ ਨੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਮੋਰਚਰੀ ਵਿੱਚ ਪਹੁੰਚਾਇਆ ਅਤੇ ਜਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।