- Updated: May 25, 2024 01:51 PM
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਮੱਥਾ ਟੇਕ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਰਸ ਭਿੰਨੀ ਬਾਣੀ ਦਾ ਕੀਰਤਨ ਸਵਰਨ ਕੀਤਾ, ਉੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀਯੂਸ਼ ਗੋਇਲ ਨੇ ਕਿਹਾ ਕਿ ਅੱਜ ਬਹੁਤ ਹੀ ਸੁਭਾਗ ਭਰਿਆ ਸਮਾਂ ਹੈ ਕਿ ਮੈਨੂੰ ਗੁਰੂ ਘਰ ਦੇ ਦਰਸ਼ਨ ਹੋਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸਮੇਂ 'ਚ ਇਸ ਪਾਸੇ ਨਿਕਲਿਆ ਨਹੀਂ ਗਿਆ ਪਰ ਅੱਜ ਬਹੁਤ ਹੀ ਲੰਮੇ ਸਮੇਂ ਬਾਅਦ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਮਨ ਨੂੰ ਬਹੁਤ ਵੱਡਾ ਸਕੂਨ ਮਿਲਿਆ ਹੈ।
ਉਹਨਾਂ ਨੇ ਕਿਹਾ ਕਿ ਅੱਜ ਸਮਾਂ ਹੈ ਕਿ ਸਾਰੇ ਭਾਰਤ ਵਾਸੀ ਇੱਕ ਹੋ ਕੇ ਦੇਸ਼ ਨੂੰ ਨਵੀਆਂ ਰਾਹਾਂ 'ਤੇ ਖੜਨ ਲਈ ਹਮਲਾ ਮਾਰੀਏ। ਉਹਨਾਂ ਕਿਹਾ ਕਿ ਮੇਰੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਹੈ ਕਿ ਹਰ ਘਰ ਹਰ ਨਾਗਰਿਕ ਵਿੱਚ ਖੁਸ਼ੀ ਦੀ ਲਹਿਰ ਹੋਵੇ ਤੇ ਹਰ ਪਰਿਵਾਰ ਵਿੱਚ ਚੰਗਾ ਸਮਾਂ ਆਵੇ। ਉਹਨਾਂ ਅੰਤ ਵਿੱਚ ਕਿਹਾ ਕਿ ਦੇਸ਼ ਵਿੱਚ ਹਰ ਧਰਮ ਦੇ ਲੋਕਾਂ ਦੀ ਆਸਥਾ ਆਪਣੇ ਧਰਮ ਨਾਲ ਜੁੜੀ ਰਹੇ ਅਤੇ ਦੇਸ਼ ਦੀ ਤਰੱਕੀ ਵਾਸਤੇ ਉਹ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਏ ਹਨ। ਇਸ ਮੌਕੇ ਉਹਨਾਂ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਭਾਜਪਾ ਆਗੂਆਂ ਤੋਂ ਇਲਾਵਾ ਹੋਰ ਵੀ ਲੀਡਰਸ਼ਿਪ ਹਾਜ਼ਰ ਸਨ।
ਪੀਯੂਸ਼ ਗੋਇਲ ਅੱਜ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਜਾ ਰਹੇ ਹਨ। ਇੰਨਾ ਹੀ ਨਹੀਂ, ਉਹ ਲੋਕਾਂ ਨੂੰ ਐਨਡੀਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣਗੇ। ਇਸ ਵਾਰ ਭਾਜਪਾ ਨੇ 400 ਪਾਰ ਕਰਨ ਦਾ ਨਾਅਰਾ ਦਿੱਤਾ ਹੈ। ਜਿਸ ਕਾਰਨ ਸਾਰੇ ਸੀਨੀਅਰ ਆਗੂ ਲਗਾਤਾਰ ਪੰਜਾਬ ਵੱਲ ਰੁਖ ਕਰ ਰਹੇ ਹਨ। ਬੀਤੇ ਦਿਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੋ ਦਿਨਾ ਦੌਰਾ ਪੂਰਾ ਕਰਕੇ ਵਾਪਸ ਪਰਤੇ ਹਨ। ਇਸ ਦੌਰਾਨ ਉਨ੍ਹਾਂ ਪਟਿਆਲਾ, ਗੁਰਦਾਸਪੁਰ ਅਤੇ ਜਲੰਧਰ ਵਿੱਚ ਤਿੰਨ ਮੀਟਿੰਗਾਂ ਕੀਤੀਆਂ।
ਅੱਜ ਚੋਣਾਂ ਦਾ ਛੇਵਾਂ ਪੜਾਅ ਚੱਲ ਰਿਹਾ ਹੈ। ਇਸ ਤੋਂ ਬਾਅਦ ਜ਼ਿਆਦਾਤਰ ਸੀਨੀਅਰ ਆਗੂਆਂ ਦਾ ਰੁਖ ਪੰਜਾਬ ਵੱਲ ਹੋ ਰਿਹਾ ਹੈ। ਅੱਜ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੀ ਅੰਮ੍ਰਿਤਸਰ ਪਹੁੰਚ ਰਹੇ ਹਨ। ਜਿੱਥੇ ਉਹ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ ਅਤੇ ਫਿਰ ਅੰਮ੍ਰਿਤਸਰ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਪ੍ਰਿਅੰਕਾ ਗਾਂਧੀ ਐਤਵਾਰ ਨੂੰ ਪੰਜਾਬ ਆ ਰਹੀ ਹੈ ਅਤੇ ਖੰਨਾ ਅਤੇ ਸ੍ਰੀ ਆਨੰਦਪੁਰ ਸਾਹਿਬ ‘ਚ ਮੀਟਿੰਗਾਂ ਨੂੰ ਸੰਬੋਧਨ ਕਰੇਗੀ। ਅੱਜ ਦੇ ਦੌਰੇ ਤੋਂ ਬਾਅਦ ਰਾਹੁਲ ਗਾਂਧੀ ਦਾ ਦੂਜਾ ਦੌਰਾ 29 ਮਈ ਨੂੰ ਹੋਣ ਜਾ ਰਿਹਾ ਹੈ। ਇਸ ਦਿਨ ਰਾਹੁਲ ਗਾਂਧੀ ਪਟਿਆਲਾ ਅਤੇ ਲੁਧਿਆਣਾ ਵਿੱਚ ਰੈਲੀਆਂ ਕਰਨਗੇ।