ਪਿਊਸ਼ ਗੋਇਲ ਦਾ ਕੈਨੇਡਾ ਨੂੰ ਸਖ਼ਤ ਸੰਦੇਸ਼, ਟਕਰਾਅ ’ਚ ਤੁਹਾਨੂੰ ਘਾਟਾ, ਸਾਡਾ ਕੁਝ ਨਹੀਂ ਜਾਏਗਾ

 ਪਿਊਸ਼ ਗੋਇਲ ਦਾ ਕੈਨੇਡਾ ਨੂੰ ਸਖ਼ਤ ਸੰਦੇਸ਼, ਟਕਰਾਅ ’ਚ ਤੁਹਾਨੂੰ ਘਾਟਾ, ਸਾਡਾ ਕੁਝ ਨਹੀਂ ਜਾਏਗਾ

ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਹਨ। ਭਾਰਤ ਸਰਕਾਰ ਨੇ ਵੀ ਦੇਸ਼ ਵਿੱਚ ਮੌਜੂਦ ਕਈ ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਅਲਟੀਮੇਟਮ ਦੇ ਕੇ ਜਵਾਬੀ ਕਾਰਵਾਈ ਕੀਤੀ। ਉਸ ਤੋਂ ਬਾਅਦ 41 ਡਿਪਲੋਮੈਟਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜਿਆ ਗਿਆ।

ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਹੁਣ ਮੋਦੀ ਸਰਕਾਰ ਨੇ ਕੈਨੇਡਾ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਨੇ ਹੀ ਸਬੰਧਾਂ ਨੂੰ ਵਿਗਾੜਿਅਾ ਹੈ। ਇਸ ਨਾਲ ਭਾਰਤ ਦਾ ਨਹੀਂ ਸਗੋਂ ਕੈਨੇਡਾ ਦਾ ਹੀ ਨੁਕਸਾਨ ਹੋਵੇਗਾ। ਕੈਨੇਡਾ ਦੇ ਮੁੱਦੇ ’ਤੇ ਪਿਊਸ਼ ਗੋਇਲ ਕੋਲੋਂ ਸਵਾਲ ਪੁੱਛੇ ਗਏ ਸਨ।

ਇਸ ’ਤੇ ਉਨ੍ਹਾਂ ਠੋਕਵਾਂ ਜਵਾਬ ਦਿੱਤਾ ਕਿ ਅਸੀਂ ਕੈਨੇਡਾ ਨਾਲ ਕੋਈ ਗੱਲਬਾਤ ਨਹੀਂ ਰੋਕੀ। ਕੈਨੇਡਾ ਨੇ ਹੀ ਰੋਕੀ ਹੈ। ਉੱਥੇ ਕੁਝ ਭੁਲੇਖੇ ਹਨ। ਇਹ ਭੁਲੇਖੇ ਬਿਨਾਂ ਕਿਸੇ ਆਧਾਰ ਦੇ ਹਨ। ਇਸ ਨਾਲ ਉਨ੍ਹਾਂ ਦਾ ਹੀ ਨੁਕਸਾਨ ਹੋਵੇਗਾ, ਭਾਰਤ ਦਾ ਨਹੀਂ। ਸਾਡੀ ਮਾਰਕੀਟ ਵਧੀ ਹੈ। ਨੁਕਸਾਨ ਕੈਨੇਡਾ ਅਤੇ ਉਸ ਦੀ ਆਰਥਿਕਤਾ ਨੂੰ ਹੀ ਝੱਲਣਾ ਪਵੇਗਾ।

ਪਿਊਸ਼ ਗੋਇਲ ਨੇ ਇਹ ਵੀ ਕਿਹਾ ਕਿ ਯੂ. ਕੇ. ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਅਤੇ ਵਧੀਅਾ ਢੰਗ ਨਾਲ ਚੱਲ ਰਹੀ ਹੈ। ਉਸ ਵਿੱਚ ਅਸੀਂ, ਜੈਸ਼ੰਕਰ ਅਤੇ ਨਿਰਮਲਾ ਜੀ ਮਿਲ ਕੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲੈਂਦੇ ਹਾਂ। ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਫੈਸਲਾ ਲਿਆ ਜਾਂਦਾ ਹੈ। ਇਹ ਪੁਰਾਣੇ ਐਫ. ਏ. ਟੀ. ਏ. ਨਹੀਂ ਹਨ, ਜੋ ਕਾਂਗਰਸ ਦੇ ਸਮੇਂ ਹੁੰਦੇ ਸਨ।