ਆਬੂ ਧਾਬੀ ’ਚ ਪ੍ਰਧਾਨ ਮੰਤਰੀ ਨੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ, ਬੁਰਜ ਖਲੀਫਾ ਤਿਰੰਗੇ ਰੰਗਾਂ ਨਾਲ ਹੋਇਆ ਰੌਸ਼ਨ

ਆਬੂ ਧਾਬੀ ’ਚ ਪ੍ਰਧਾਨ ਮੰਤਰੀ ਨੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ, ਬੁਰਜ ਖਲੀਫਾ ਤਿਰੰਗੇ ਰੰਗਾਂ ਨਾਲ ਹੋਇਆ ਰੌਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਸਵਾਮੀਨਾਰਾਇਣ ਸੰਪ੍ਰਦਾਇ ਦੇ ਅਹੁਦੇਦਾਰਾਂ ਦੀ ਮੌਜੂਦਗੀ ’ਚ ਮੰਤਰਾਂ ਦੇ ਜਾਪ ਦੇ ਵਿਚਕਾਰ ਅਬੂ ਧਾਬੀ ਦੇ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ। ਹਲਕੇ ਗੁਲਾਬੀ ਰੇਸ਼ਮ ਕੁਰਤਾ ਪਜਾਮਾ, ਬਾਂਹ ਰਹਿਤ ਜੈਕੇਟ ਅਤੇ ਝੰਡਾ ਪਹਿਨੇ ਪ੍ਰਧਾਨ ਮੰਤਰੀ ਨੇ ਮੰਦਰ ਦੇ ਉਦਘਾਟਨ ਸਮਾਰੋਹ ’ਚ ਪੂਜਾ ਸਮਾਰੋਹ ’ਚ ਹਿੱਸਾ ਲਿਆ।  ਪ੍ਰਧਾਨ ਮੰਤਰੀ ਨੇ ‘ਵਿਸ਼ਵ ਆਰਤੀ’ ’ਚ ਵੀ ਹਿੱਸਾ ਲਿਆ, ਜੋ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀ.ਏ.ਪੀ.ਐਸ.) ਵਲੋਂ ਬਣਾਏ ਗਏ ਵਿਸ਼ਵ ਭਰ ’ਚ ਸਵਾਮੀਨਾਰਾਇਣ ਸੰਪਰਦਾ ਦੇ 1200 ਤੋਂ ਵੱਧ ਮੰਦਰਾਂ ’ਚ ਇਕੋ ਸਮੇਂ ਕੀਤੀ ਗਈ ਸੀ। 

ਇਸ ਤੋਂ ਪਹਿਲਾਂ ਮੋਦੀ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਇੱਥੇ ਪਹਿਲੇ ਹਿੰਦੂ ਮੰਦਰ ਦੇ ਨਿਰਮਾਣ ’ਚ ਯੋਗਦਾਨ ਦਿਤਾ ਸੀ। ਪ੍ਰਧਾਨ ਮੰਤਰੀ ਨੇ ਦੁਬਈ-ਅਬੂ ਧਾਬੀ ਸ਼ੇਖ ਜ਼ਾਇਦ ਹਾਈਵੇਅ ’ਤੇ ਅਲ ਰਾਹਾਬਾ ਨੇੜੇ 27 ਏਕੜ ਦੇ ਵਿਸ਼ਾਲ ਖੇਤਰ ’ਚ ਬਣੇ 700 ਕਰੋੜ ਰੁਪਏ ਦੀ ਲਾਗਤ ਵਾਲੇ ਮੰਦਰ ਦੇ ਉਦਘਾਟਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਨਕਲੀ ਤੌਰ ’ਤੇ ਬਣਾਈਆਂ ਗੰਗਾ ਅਤੇ ਯਮੁਨਾ ਨਦੀਆਂ ’ਚ ਪਾਣੀ ਚੜ੍ਹਾਇਆ। ਮੰਦਰ ਦੇ ਅਧਿਕਾਰੀਆਂ ਮੁਤਾਬਕ ਇਹ ਵਿਸ਼ਾਲ ਮੰਦਰ ਮੂਰਤੀ ਕਲਾ ਅਤੇ ਆਰਕੀਟੈਕਚਰ ਅਤੇ ਹਿੰਦੂ ਗ੍ਰੰਥਾਂ ’ਚ ਦੱਸੀ ਗਈ ਨਿਰਮਾਣ ਦੀ ਪ੍ਰਾਚੀਨ ਸ਼ੈਲੀ ਦੇ ਅਨੁਸਾਰ ਬਣਾਇਆ ਗਿਆ ਹੈ। 

                       Image

ਬੀ.ਏ.ਪੀ.ਐਸ. ਦੇ ਕੌਮਾਂਤਰੀ ਸਬੰਧਾਂ ਦੇ ਮੁਖੀ ਸਵਾਮੀ ਬ੍ਰਹਮਵਿਹਾਰਦਾਸ ਨੇ ਦਸਿਆ, ‘‘ਇੱਥੇ ਆਰਕੀਟੈਕਚਰਲ ਵਿਧੀਆਂ ਨੂੰ ਵਿਗਿਆਨਕ ਤਕਨੀਕਾਂ ਨਾਲ ਜੋੜਿਆ ਗਿਆ ਹੈ। ਤਾਪਮਾਨ, ਦਬਾਅ ਅਤੇ ਗਤੀ (ਭੂਚਾਲ ਗਤੀਵਿਧੀ) ਨੂੰ ਮਾਪਣ ਲਈ ਮੰਦਰ ਦੇ ਹਰ ਪੱਧਰ ’ਤੇ 300 ਤੋਂ ਵੱਧ ਹਾਈ-ਟੈਕ ਸੈਂਸਰ ਲਗਾਏ ਗਏ ਹਨ। ਸੈਂਸਰ ਖੋਜ ਲਈ ਲਾਈਵ ਡਾਟਾ ਪ੍ਰਦਾਨ ਕਰਨਗੇ। ਜੇ ਖੇਤਰ ’ਚ ਕੋਈ ਭੂਚਾਲ ਆਉਂਦਾ ਹੈ, ਤਾਂ ਮੰਦਰ ਇਸ ਦਾ ਪਤਾ ਲਗਾ ਲਵੇਗਾ ਅਤੇ ਅਸੀਂ ਅਧਿਐਨ ਕਰਨ ਦੇ ਯੋਗ ਹੋਵਾਂਗੇ।’’

ਮੰਦਰ ਦੀ ਉਸਾਰੀ ’ਚ ਕਿਸੇ ਵੀ ਧਾਤ ਦੀ ਵਰਤੋਂ ਨਹੀਂ ਕੀਤੀ ਗਈ ਹੈ ਅਤੇ ਨੀਂਹ ਭਰਨ ਲਈ ਕੰਕਰੀਟ ਮਿਸ਼ਰਣ ’ਚ 55 ਫ਼ੀ ਸਦੀ ਸੀਮੈਂਟ ਦੀ ਬਜਾਏ ਫਲਾਈ ਐਸ਼ ਦੀ ਵਰਤੋਂ ਕੀਤੀ ਗਈ ਹੈ। ਅਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ ਨਾਗਰਾ ਸ਼ੈਲੀ ’ਚ ਬਣਾਇਆ ਗਿਆ ਹੈ। ਇਸੇ ਤਰ੍ਹਾਂ ਅਯੁੱਧਿਆ ’ਚ ਵੀ ਰਾਮ ਮੰਦਰ ਦਾ ਨਿਰਮਾਣ ਹੋਇਆ ਹੈ।  ਮੰਦਰ ਦੇ ਵਲੰਟੀਅਰ ਉਮੇਸ਼ ਰਾਜਾ ਨੇ ਦਸਿਆ ਕਿ ਰਾਜਸਥਾਨ ’ਚ 20,000 ਟਨ ਚੂਨਾ ਪੱਥਰ ਦੇ ਟੁਕੜੇ ਤਿਆਰ ਕੀਤੇ ਗਏ ਅਤੇ 700 ਕੰਟੇਨਰਾਂ ’ਚ ਆਬੂਧਾਬੀ ਲਿਆਂਦੇ ਗਏ। 

ਦੁਬਈ ਦੇ ਮਸ਼ਹੂਰ ਬੁਰਜ ਖਲੀਫਾ ਨੂੰ ਵੀਰਵਾਰ ਨੂੰ ਭਾਰਤੀ ਤਿਰੰਗੇ ਦੇ ਰੰਗ ’ਚ ਜਗਾਇਆ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨੇ ਇਸ ਸਾਲ ਦੇ ਵਿਸ਼ਵ ਸਰਕਾਰ ਸਿਖਰ ਸੰਮੇਲਨ ’ਚ ਦੁਵਲੀ ਬੈਠਕ ਕੀਤੀ। ਭਾਰਤ ਇਸ ਕਾਨਫਰੰਸ ’ਚ ਸਨਮਾਨਿਤ ਮਹਿਮਾਨ ਵਜੋਂ ਹਿੱਸਾ ਲੈ ਰਿਹਾ ਹੈ। ਮੰਗਲਵਾਰ ਨੂੰ 2024 ਵਿਸ਼ਵ ਸਰਕਾਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਮੁੱਖ ਭਾਸ਼ਣ ਤੋਂ ਪਹਿਲਾਂ ਬੁਰਜ ਖਲੀਫਾ ਨੂੰ ‘ਗੈਸਟ ਆਫ ਆਨਰ’ ਭਾਰਤ ਦੇ ਸ਼ਬਦਾਂ ਨਾਲ ਜਗਾਇਆ ਗਿਆ। ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਮੰਗਲਵਾਰ ਨੂੰ ਬੁਰਜ ਖਲੀਫਾ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿਚੋਂ ਇਕ ਵਿਚ ਇਮਾਰਤ ਨੂੰ ਭਾਰਤੀ ਤਿਰੰਗੇ ਦੇ ਰੰਗ ਵਿਚ ਰੌਸ਼ਨ ਕੀਤਾ ਗਿਆ ਹੈ ਅਤੇ ਦੂਜੀ ਵਿਸ਼ਵ ਸਰਕਾਰ ਸੰਮੇਲਨ ਦੇ ਲੋਗੋ ਨਾਲ। ਇਸ ਪੋਸਟ ’ਚ ਲਿਖਿਆ ਗਿਆ ਹੈ, ‘ਅਸੀਂ ਇਸ ਸਾਲ ਦੇ ਵਿਸ਼ਵ ਸਰਕਾਰ ਸੰਮੇਲਨ ’ਚ ਭਾਰਤ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕਰਦੇ ਹਾਂ। ਸਾਡੇ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧ ਕੌਮਾਂਤਰੀ ਸਹਿਯੋਗ ਲਈ ਇਕ ਮਾਡਲ ਵਜੋਂ ਕੰਮ ਕਰਦੇ ਹਨ।