ਪ੍ਰਧਾਨ ਮੰਤਰੀ ਮੋਦੀ ਨੇ ਉੱਤਰਾਖੰਡ ''ਚ 4200 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਕੀਤਾ ਉਦਘਾਟਨ। 

ਪ੍ਰਧਾਨ ਮੰਤਰੀ ਮੋਦੀ ਨੇ ਉੱਤਰਾਖੰਡ ''ਚ 4200 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਕੀਤਾ ਉਦਘਾਟਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਉਤਰਾਖੰਡ ਵਿਚ ਲਗਭਗ 4200 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਅਤੇ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਰਤ ਅੱਜ ਦੁਸ਼ਮਣ ਦੇ ਡਰੋਂ ਸਰਹੱਦੀ ਖੇਤਰਾਂ ਵਿਚ ਵਿਕਾਸ ਨਾ ਕਰਨ ਦੀ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵੱਧ ਰਿਹਾ ਹੈ। ਇਨ੍ਹਾਂ ਕੁੱਲ 23 ਪ੍ਰਾਜੈਕਟਾਂ ਤੋਂ ਪ੍ਰਦੇਸ਼ ਵਿਚ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ, ਬਿਜਲੀ, ਪੀਣ ਵਾਲਾ ਪਾਣੀ, ਖੇਡਾਂ, ਸੈਰ-ਸਪਾਟਾ, ਆਫ਼ਤ ਪ੍ਰਬੰਧਨ ਅਤੇ ਉਦਯੋਗ ਦੇ ਖੇਤਰਾਂ ਵਿਚ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਹੱਦੀ ਖੇਤਰਾਂ ’ਚ ਸੜਕਾਂ, ਪੁਲਾਂ, ਸੁਰੰਗਾਂ ਸਮੇਤ ਸਹੂਲਤਾਂ ਤੇਜ਼ੀ ਨਾਲ ਵਿਕਸਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਸਬੰਧੀ ਕਿਸੇ ਦਾ ਨਾਂ ਲਏ ਬਿਨਾਂ ਸਵਾਲ ਕੀਤਾ ਕਿ ਪਿਛਲੀਆਂ ਸਰਕਾਰਾਂ ਨੇ ਇਹ ਕੰਮ ਕਿਉਂ ਨਹੀਂ ਕੀਤਾ। ਇਸਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਇਸਦਾ ਫਾਇਦਾ ਚੁੱਕ ਕੇ ਦੁਸ਼ਮਣ ਅੰਦਰ ਨਾ ਆ ਵੜੇ। ਇਸ ਤਰਕ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਕਿਹਾ ਕਿ ‘ਨਾ ਅਸੀਂ ਡਰਦੇ ਹਾਂ, ਨਾ ਡਰਾਉਂਦੇ ਹਾਂ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ‘ਪਹਾੜ ਦਾ ਪਾਣੀ ਅਤੇ ਪਹਾੜ ਦੀ ਜਵਾਨੀ ਪਹਾੜ ਦੇ ਕੰਮ ਨਹੀਂ ਆਉਂਦੀ’ ਪਰ ਉਨ੍ਹਾਂ ਨੇ ਕਿਹਾ ਿਕ ਉਨ੍ਹਾਂ ਸੰਕਲਪ ਲਿਆ ਹੈ ਕਿ ਇਸ ਧਾਰਨਾ ਨੂੰ ਉਹ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੀਆਂ ਗਲਤ ਨੀਤੀਆਂ ਕਾਰਨ ਉੱਤਰਾਖੰਡ ਦੇ ਪਿੰਡ ਸੁੰਨੇ ਹੋ ਗਏ ਹਨ ਪਰ ਉਨ੍ਹਾਂ ਕਿਹਾ ਕਿ ਹੁਣ ਹਾਲਾਤ ਬਦਲ ਰਹੇ ਹਨ ਅਤੇ ਲੋਕ ਵਾਪਸ ਪਰਤਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਨੂੰ ਦੇਸ਼ ਦਾ ਆਖਰੀ ਨਹੀਂ ਸਗੋਂ ਪਹਿਲਾਂ ਪਿੰਡ ਮੰਨ ਕੇ ਉਨ੍ਹਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੇ ‘ਵਾਈਬ੍ਰੇਂਟ ਵਿਲੇਜ’ ਯੋਜਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਸਰਹੱਦੀ ਪਿੰਡਾਂ ਤੋਂ ਹਿਜ਼ਰਤ ਕਰ ਕੇ ਗਏ ਲੋਕ ਵਾਪਸ ਆਉਣ।

ਪ੍ਰਧਾਨ ਮੰਤਰੀ ਮੋਦੀ ਨੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ ਦੇ ਹੁਨਰ ਕਨਵੋਕੇਸ਼ਨ ’ਚ ਆਪਣੇ ਵੀਡੀਓ ਸੰਦੇਸ਼ ’ਚ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਦੇ ਵਿਸਤਾਰ ਕਾਰਨ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ ਅਤੇ ਦੇਸ਼ ’ਚ ਬੇਰੁਜ਼ਗਾਰੀ ਦੀ ਦਰ ਘੱਟ ਰਹੀ ਹੈ। ਪਿਛਲੇ 6 ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰ ’ਤੇ ਪਰ ਉਹ ਆ ਗਈ ਹੈ। ਭਾਰਤ ’ਚ ਰੁਜ਼ਗਾਰ ਸਿਰਜਣ ਦੀ ਦਰ ਇਕ ਨਵੀਂ ਉਚਾਈ ’ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਬੇਰੁਜ਼ਗਾਰੀ ਦੀ ਦਰ ਬਹੁਤ ਤੇਜ਼ੀ ਨਾਲ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਲਾਭ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਤੱਕ ਬਰਾਬਰ ਪਹੁੰਚ ਰਹੇ ਹਨ ਅਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਇਕੋ ਜਿਹੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਪਿਥੌਰਾਗੜ੍ਹ ਵਿਚ ਭਗਵਾਨ ਸ਼ਿਵ ਦੇ ਪਰਿਵਾਰ ਦਾ ਨਿਵਾਸ ਮੰਨੀ ਜਾਣ ਵਾਲੀ ਆਦਿ ਕੈਲਾਸ਼ ਚੋਟੀ ਦਾ ਦੌਰਾ ਕੀਤਾ ਅਤੇ ਪਾਰਵਤੀ ਕੁੰਡ ਦੇ ਕਿਨਾਰੇ ਸਥਿਤ ਪ੍ਰਾਚੀਨ ਸ਼ਿਵ-ਪਾਰਵਤੀ ਮੰਦਰ ’ਚ ਪੂਜਾ ਕੀਤੀ। ਉਹ ਸਵੇਰੇ ਇੱਥੇ ਜੋਲਿੰਗਕੋਂਗ ਹੈਲੀਪੈਡ ’ਤੇ ਉਤਰੇ ਜਿੱਥੋਂ ਉਹ ਸੱਜੇ ਪਾਸੇ ਕਾਰ ਰਾਹੀਂ ਡੇਢ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਹਿਮਾਲਿਆ ਦੀ ਚੋਟੀ ’ਤੇ ਸਥਿਤ ਪਾਰਵਤੀ ਕੁੰਡ ਅਤੇ ਸ਼ਿਵ ਮੰਦਰ ਪਹੁੰਚੇ। ਮੰਦਰ ’ਚ ‘ਰੰ’ ਜਨਜਾਤੀ ਦੇ ਲਾਮਾ ਪੁਜਾਰੀਆਂ ਨੇ ਪ੍ਰਾਚੀਨ ਕਾਲ ਤੋਂ ਪ੍ਰਸਿੱਧ ਸ਼ਿਵ-ਪਾਰਵਤੀ ਦੀ ਮਸ਼ਹੂਰ ‘ਮਾਟੀ ਪੂਜਾ’ ਪੂਰੇ ਵਿਧੀ-ਵਿਧਾਨ ਨਾਲ ਸੰਪੰਨ ਕਰਵਾਈ। ਇਸ ਤੋਂ ਬਾਅਦ ਮੋਦੀ ਨੇ ਆਦਿ ਕੈਲਾਸ਼ ਚੋਟੀ ਦੇ ਸਾਹਮਣੇ ਹੱਥ ਜੋੜ ਕੇ ਕੁਝ ਦੇਰ ਧਿਆਨ ਵੀ ਲਗਾਇਆ।