ਕੈਬਨਿਟ ਫੇਰਬਦਲ ਦੀਆਂ ਕਿਆਸਰਾਈਆਂ ਵਿਚਾਲੇ PM ਮੋਦੀ ਦੀ ਪ੍ਰਧਾਨਗੀ ’ਚ ਹੋਈ ਮੰਤਰੀ ਮੰਡਲ ਦੀ ਬੈਠਕ

ਕੈਬਨਿਟ ਫੇਰਬਦਲ ਦੀਆਂ ਕਿਆਸਰਾਈਆਂ ਵਿਚਾਲੇ PM ਮੋਦੀ ਦੀ ਪ੍ਰਧਾਨਗੀ ’ਚ ਹੋਈ ਮੰਤਰੀ ਮੰਡਲ ਦੀ ਬੈਠਕ

ਕੇਂਦਰੀ ਮੰਤਰੀ ਮੰਡਲ ’ਚ ਫੇਰਬਦਲ ਦੀਆਂ ਅਟਕਲਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੇ ਮੰਤਰੀ ਮੰਡਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਪੀ. ਐੱਮ. ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬੀਤੇ 9 ਸਾਲਾਂ ’ਚ ਵਿਕਾਸ ਦੇ ਕਈ ਕਾਰਜ ਕੀਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਰਾਜਧਾਨੀ ਸਥਿਤ ਪ੍ਰਗਤੀ ਮੈਦਾਨ ਦੇ ਨਵੇਂ ਬਣੇ ਕਾਨਫਰੰਸ ਰੂਮ ’ਚ ਹੋਈ ਇਸ ਬੈਠਕ ’ਚ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਅਗਲੇ 9 ਮਹੀਨਿਆਂ ’ਚ ਲੋਕਾਂ ਨੂੰ ਕੇਂਦਰ ਸਰਕਾਰ ਦੇ ਕੰਮਾਂ ਬਾਰੇ ਜਾਣਕਾਰੀ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ।

ਸੂਤਰਾਂ ਮੁਤਾਬਕ ਮੀਟਿੰਗ ਵਿਚ 2024 ਦੀਆਂ ਲੋਕਸਭਾ ਚੋਣਾਂ ਲਈ ਪਾਰਟੀ ਰਣਨੀਤੀ 'ਤੇ ਵੀ ਚਰਚਾ ਕੀਤੀ ਗਈ। ਇਸ ਸਾਲ ਕੇਂਦਰੀ ਮੰਤਰੀ ਮੰਡਲ ਦੀ ਇਹ ਦੂਜੀ ਮੀਟਿੰਗ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅਜਿਹੀ ਹੀ ਇਕ ਮੀਟਿੰਗ ਜਨਵਰੀ ਵਿਚ ਆਮ ਬਜਟ ਪੇਸ਼ ਹੋਣ ਤੋਂ ਪਹਿਲਾਂ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸਾਲ 2021 ਵਿਚ ਅਖ਼ੀਰਲੀ ਵਾਰ ਆਪਣੀ ਕੈਬਨਿਟ ਵਿਚ ਫੇਰਬਦਲ ਤੇ ਵਿਸਥਾਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੁੱਝ ਮੌਕਿਆਂ 'ਤੇ ਕੁੱਝ ਮੰਤਰੀਆਂ ਦੇ ਵਿਭਾਗਾਂ ਵਿਚ ਬਦਲਾਅ ਕੀਤਾ ਸੀ। ਸਾਲ 2021 ਦੇ ਮੰਤਰੀ ਮੰਡਲ ਫੇਰਬਦਲ ਤੇ ਵਿਸਥਾਰ ਵਿਚ ਮੋਦੀ ਨੇ 36 ਨਵੇਂ ਚਿਹਰਿਆਂ ਨੂੰ ਜਗ੍ਹਾ ਦਿੱਤੀ ਸੀ, ਜਦਕਿ 12 ਤਤਕਾਲੀ ਮੰਤਰੀਆਂ ਦੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਸੀ। 

                 Image

ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਦੇ ਮੰਤਰੀ ਮੰਡਲ ਵਿਸਥਾਰ ਵਿਚ ਸਰਕਾਰ ਤੇ ਸੰਗਠਨ ਵਿਚਾਲੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਦੇ ਤਹਿਤ ਕੁੱਝ ਕੈਬਨਿਟ ਮੰਤਰੀਆਂ ਨੰ ਸੰਗਠਨ ਵਿਚ ਜਗ੍ਹਾ ਦਿੱਤੀ ਜਾ ਸਕਦੀ ਹੈ ਤੇ ਸੰਗਠਨ ਦੇ ਕੁੱਝ ਮੁੱਖ ਚਿਹਰਿਆਂ ਨੂੰ ਸਰਕਾਰ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਸਿਲਸਿਲੇ ਵਿਚ ਭਾਜਪਾ ਦੀ ਉੱਚ ਲੀਡਰਸ਼ਿਪ ਨੇ ਕਈ ਦੌਰ ਦੀਆਂ ਮੀਟਿੰਗਾਂ ਕੀਤੀਆਂ ਹਨ। ਇਨ੍ਹਾਂ ਮੀਟਿੰਗਾਂ ਵਿਚ ਮੁੱਖ ਰੂਪ ਨਾਲ ਕੇਂਦਰੀ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਡਾ ਤੇ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਸ਼ਾਮਲ ਰਹੇ ਹਨ। ਇਨ੍ਹਾਂ ਤਿੰਨਾਂ ਆਗੂਆਂ ਨੇ ਬੀਤੀ 28 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਨ੍ਹਾਂ ਮੀਟਿੰਗਾਂ ਤੇ ਮੁਲਾਕਾਤਾਂ ਤੋਂ  ਬਾਅਦ ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਕਿਆਸਰੀਆਂ ਨੂੰ ਜ਼ੋਰ ਮਿਲਿਆ ਹੈ। 

ਸੂਤਰਾਂ ਨੇ ਦੱਸਿਆ ਕਿ ਬੈਠਕ ’ਚ 2047 ਤੱਕ ਬੁਨਿਆਦੀ ਢਾਂਚੇ ਤੋਂ ਲੈ ਕੇ ਬਜਟ ਦੇ ਆਕਾਰ ਤੱਕ ਕਈ ਖੇਤਰਾਂ ’ਚ ਭਾਰਤ ਦੀ ਸੰਭਾਵੀ ਵਿਕਾਸ ਯਾਤਰਾ ’ਤੇ ਇਕ ਪੇਸ਼ਕਾਰੀ ਵੀ ਦਿੱਤੀ ਗਈ। ਸਾਲ 2047 ’ਚ ਭਾਰਤ ਆਪਣੀ ਆਜ਼ਾਦੀ ਦਾ ਸ਼ਤਾਬਦੀ ਸਾਲ ਮਨਾਏਗਾ। ਮੋਦੀ ਨੇ 2023 ਤੋਂ 2047 ਤੱਕ ਦੇ ਸਫ਼ਰ ਨੂੰ ਦੇਸ਼ ਲਈ ‘ਅੰਮ੍ਰਿਤਕਾਲ’ ਦੱਸਿਆ। ਕਰੀਬ ਸਾਢੇ 4 ਘੰਟੇ ਤੱਕ ਚੱਲੀ ਬੈਠਕ ’ਚ ਉਨ੍ਹਾਂ ਦੀ ਮਿਸਰ ਯਾਤਰਾ ’ਤੇ ਵੀ ਚਾਨਣਾ ਪਾਇਆ ਗਿਆ। ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਕ ਟਵੀਟ ’ਚ ਕਿਹਾ,‘‘ਮੰਤਰੀ ਮੰਡਲ ਨਾਲ ਇਕ ਸਾਰਥਕ ਬੈਠਕ, ਜਿੱਥੇ ਅਸੀਂ ਵੱਖ-ਵੱਖ ਨੀਤੀਗਤ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।’’ ਉਨ੍ਹਾਂ ਬੈਠਕ ਨਾਲ ਜੁੜੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਬੈਠਕ ’ਚ ਪ੍ਰਧਾਨ ਮੰਤਰੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਨਿਰਮਲਾ ਸੀਤਾਰਾਮਨ, ਪੀਊਸ਼ ਗੋਇਲ, ਸਮ੍ਰਿਤੀ ਈਰਾਨੀ, ਧਰਮਿੰਦਰ ਪ੍ਰਧਾਨ, ਐੱਸ. ਜੈਸ਼ੰਕਰ, ਨਰਿੰਦਰ ਸਿੰਘ ਤੋਮਰ ਸਮੇਤ ਕੈਬਨਿਟ ਦੇ ਸਾਰੇ ਮੰਤਰੀ ਮੌਜੂਦ ਸਨ।