ਟੇਸਲਾ ਦੇ CEO ਮਸਕ ਸਣੇ ਇਨ੍ਹਾਂ ਹਸਤੀਆਂ ਨਾਲ ਅਮਰੀਕਾ ਫੇਰੀ ਦੌਰਾਨ PM ਮੋਦੀ ਕਰਨਗੇ ਮੁਲਾਕਾਤ 

ਟੇਸਲਾ ਦੇ CEO ਮਸਕ ਸਣੇ ਇਨ੍ਹਾਂ ਹਸਤੀਆਂ ਨਾਲ ਅਮਰੀਕਾ ਫੇਰੀ ਦੌਰਾਨ PM ਮੋਦੀ ਕਰਨਗੇ ਮੁਲਾਕਾਤ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਨਿਊਯਾਰਕ ਦੇ ਆਪਣੇ ਦੌਰੇ ਦੌਰਾਨ ਟੇਸਲਾ ਅਤੇ ਟਵਿੱਟਰ ਦੇ ਮਾਲਕ ਏਲਨ ਮਸਕ, ਪੁਲਾੜ ਯਾਤਰੀ ਅਤੇ ਲੇਖਕ ਨੀਲ ਡੀਗ੍ਰੇਸੀ ਟਾਈਸਨ, ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਪਾਲ ਰੋਮਰ, ਲੇਖਕ ਨਿਕੋਲਸ ਨਸੀਮ ਤਾਲਿਬ ਅਤੇ ਨਿਵੇਸ਼ਕ ਰੇ ਡਾਲੀਓ ਨਾਲ ਮੁਲਾਕਾਤ ਕਰਨਗੇ। ਅਧਿਕਾਰੀਆਂ ਮੁਤਾਬਕ ਪੀ.ਐੱਮ. ਮੋਦੀ ਵੱਖ-ਵੱਖ ਖੇਤਰਾਂ ਦੇ ਲਗਭਗ 2 ਦਰਜਨ ਤੋਂ ਵੱਧ ਚਿੰਤਕਾਂ ਅਤੇ ਮਾਹਿਰਾਂ ਨਾਲ ਮੁਲਾਕਾਤ ਕਰਨਗੇ, ਜਿਸ ਵਿਚ ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ, ਕਲਾਕਾਰ, ਵਿਗਿਆਨੀ, ਵਿਦਵਾਨ, ਉੱਦਮੀ, ਸਿੱਖਿਆ ਸ਼ਾਸਤਰੀ ਅਤੇ ਸਿਹਤ ਖੇਤਰ ਦੇ ਮਾਹਰ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਜਿਨ੍ਹਾਂ ਹੋਰ ਪ੍ਰਮੁੱਖ ਹਸਤੀਆਂ ਦੇ ਪ੍ਰਧਾਨ ਮੰਤਰੀ ਨਾਲ ਮਿਲਣ ਦੀ ਸੰਭਾਵਨਾ ਹੈ, ਉਨ੍ਹਾਂ ਵਿਚ ਫਾਲੂ ਸ਼ਾਹ, ਜੈਫ ਸਮਿਥ, ਮਾਈਕਲ ਫਰੋਮਨ, ਡੇਨੀਅਲ ਰਸੇਲ, ਐਲਬ੍ਰਿਜ ਕੋਲਬੀ, ਪੀਟਰ ਐਗਰੇ, ਸਟੀਫਨ ਕਲਾਸਕੋ ਅਤੇ ਚੰਦਰਿਕਾ ਟੰਡਨ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਬਿਹਤਰ ਤਾਲਮੇਲ, ਅਮਰੀਕਾ ਦੇ ਵਿਕਾਸ ਨੂੰ ਸਮਝਣ ਅਤੇ ਏਜੰਡੇ ਵਿਚ ਸ਼ਾਮਲ ਹੋਰ ਮੁੱਦਿਆਂ ਦੇ ਇਲਾਵਾ ਲੋਕਾਂ ਨੂੰ ਭਾਰਤ ਨਾਲ ਸਹਿਯੋਗ ਕਰਨ ਲਈ ਸੱਦਾ ਦੇਣ ਵਰਗੇ ਮੁੱਦਿਆਂ ਦੇ ਬਾਰੇ ਵਿਚ ਗੱਲਬਾਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸੰਪਰਕ ਵਧਾਉਣ ਲਈ ਮੋਦੀ ਜਿਸ ਦੇਸ਼ ਦਾ ਦੌਰਾ ਕਰਦੇ ਹਨ, ਅਕਸਰ ਉਨ੍ਹਾਂ ਦੇਸ਼ਾਂ ਦੇ ਉੱਘੇ ਲੋਕਾਂ ਅਤੇ ਸ਼ਖਸੀਅਤਾਂ ਨੂੰ ਮਿਲਦੇ ਹਨ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਆਪਣੀ ਪਹਿਲੀ ਇਤਿਹਾਸਕ ਰਾਜ ਯਾਤਰਾ ਲਈ ਅਮਰੀਕਾ ਲਈ ਰਵਾਨਾ ਹੋਏ। ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ, ਪੀ.ਐੱਮ. ਮੋਦੀ ਨੇ ਟਵੀਟ ਕੀਤਾ, "ਅਮਰੀਕਾ ਲਈ ਰਵਾਨਾ ਹੋ ਰਿਹਾ ਹਾਂ, ਜਿੱਥੇ ਮੈਂ ਨਿਊਯਾਰਕ ਸਿਟੀ ਅਤੇ ਵਾਸ਼ਿੰਗਟਨ ਡੀਸੀ ਵਿੱਚ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਾਂਗਾ।'