ਅੰਮ੍ਰਿਤਸਰ ''ਚ ਦਰਦਨਾਕ ਹਾਦਸਾ, ਪੰਜਾਬ ਬੰਦ ਦੌਰਾਨ ਸੀਨੀਅਰ ਪੁਲਿਸ ਮੁਲਾਜ਼ਮ ਨੇ ਤੋੜਿਆ ਦਮ

ਅੰਮ੍ਰਿਤਸਰ ''ਚ ਦਰਦਨਾਕ ਹਾਦਸਾ, ਪੰਜਾਬ ਬੰਦ ਦੌਰਾਨ ਸੀਨੀਅਰ ਪੁਲਿਸ ਮੁਲਾਜ਼ਮ ਨੇ ਤੋੜਿਆ ਦਮ

ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਵੀਰਵਾਰ ਨੂੰ ਇਕ ਬੇਹੱਦ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਪੰਜਾਬ ਪੁਲਸ ਦੇ ਸੀਨੀਅਰ ਕਾਂਸਟੇਬਲ ਰਣਬੀਰ ਸਿੰਘ ਦੀ ਮੌਤ ਹੋ ਗਈ। ਰਣਬੀਰ ਸਿੰਘ ਜੋ ਕਿ ਏਆਰਪੀ ਵਿਚ ਤਾਇਨਾਤ ਸੀ ਅਤੇ ਬਟਾਲਾ ਦਾ ਰਹਿਣ ਵਾਲਾ ਸੀ। ਰਣਬੀਰ ਡਿਊਟੀ ਖ਼ਤਮ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ। ਮੁੱਢਲੀ ਜਾਣਕਾਰੀ ਅਨੁਸਾਰ ਪੰਜਾਬ ਬੰਦ ਦੇ ਮੱਦੇਨਜ਼ਰ ਭੰਡਾਰੀ ਪੁਲ 'ਤੇ ਆਵਾਜਾਈ ਰੋਕਣ ਲਈ ਰੱਸਾ ਬੰਨ੍ਹਿਆ ਗਿਆ ਸੀ। ਐਕਟਿਵਾ 'ਤੇ ਸਵਾਰ ਰਣਬੀਰ ਸਿੰਘ ਨੂੰ ਇਹ ਰੱਸਾ ਨਜ਼ਰ ਨਾ ਆ ਸਕਿਆ ਅਤੇ ਤੇਜ਼ੀ ਨਾਲ ਅੱਗੇ ਵਧਦੇ ਸਮੇਂ ਰੱਸਾ ਸਿੱਧਾ ਉਨ੍ਹਾਂ ਦੀ ਗਰਦਨ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਕੇ ਸੜਕ 'ਤੇ ਡਿੱਗ ਪਏ।

ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਅਤੇ ਪੁਲਸ ਮੁਲਾਜ਼ਮਾਂ ਨੇ ਰਣਬੀਰ ਨੂੰ ਫੌਰੀ ਤੌਰ 'ਤੇ ਸਿਵਲ ਹਸਪਤਾਲ ਅੰਮ੍ਰਿਤਸਰ ਪਹੁੰਚਾਇਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਪੁਲਸ ਮੁਲਾਜ਼ਮ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੁਖਦਾਈ ਘਟਨਾ ਨਾਲ ਪੁਲਸ ਮਹਿਕਮੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਜਾਣਕਾਰੀ ਮੁਤਾਬਕ ਰਣਬੀਰ ਸਿੰਘ ਨੂੰ ਘਰ ਤੋਂ ਫੋਨ ਆਇਆ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਸੱਟਾਂ ਲੱਗੀਆਂ ਹਨ। ਇਸ ਖ਼ਬਰ ਤੋਂ ਬਾਅਦ ਉਹ ਚਿੰਤਤ ਹੋ ਕੇ ਜਲਦਬਾਜ਼ੀ ਵਿਚ ਘਰ ਲਈ ਨਿਕਲੇ ਸਨ। ਇਸੇ ਦੌਰਾਨ ਭੰਡਾਰੀ ਪੁਲ 'ਤੇ ਲੱਗੇ ਰੱਸੇ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਘਟਨਾ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਪੁਲ 'ਤੇ ਰੱਸਾ ਲਗਾਉਣ ਸਮੇਂ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ ਜਾਂ ਨਹੀਂ ਅਤੇ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕੀ ਕਾਰਵਾਈ ਬਣਦੀ ਹੈ। ਇਸ ਦਰਦਨਾਕ ਹਾਦਸੇ ਨੇ ਪੰਜਾਬ ਬੰਦ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।